ਜਤਿੰਦਰ ਬੈਂਸ
ਗੁਰਦਾਸਪੁਰ, 28 ਜੁਲਾਈ
ਇਥੇ ਸਿਹਤ ਵਿਭਾਗ ਅੰਦਰ ਠੇਕੇ ’ਤੇ ਤਾਇਨਾਤ ਮਲਟੀਪਰਪਜ਼ ਹੈਲਥ ਵਰਕਰਾਂ ਨੇ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਲਈ ਇਥੇ ਸਿਵਲ ਸਰਜਨ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਭੁੱਖ ਹੜਤਾਲ ਦਾ ਐਲਾਨ ਕੀਤਾ ਹੈ। ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਨੇ ਮਲਟੀਪਰਪਜ਼ ਹੈਲਥ ਵਰਕਰਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇੱਕ ਦਹਾਕੇ ਤੋਂ ਵੱਧ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਦੀਆਂ ਇਨ੍ਹਾਂ ਵਰਕਰਾਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ। ਭੁੱਖ ਹੜਤਾਲ ’ਤੇ ਬੈਠੀਆਂ ਵਰਕਰਾਂ ਨੂੰ ਸੰਬੋਧਨ ਕਰਦੇ ਫ਼ੈਡਰੇਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸ਼ਾਸਤਰੀ ਨੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੇ ਮੋਬਾਈਲ ਫੋਨ ਭੱਤੇ ਵਿੱਚ ਕਟੌਤੀ ਕੀਤੀ ਹੈ ਜਦੋਂ ਕਿ ਪੰਜਾਬ ਦੇ ਮੁਲਾਜ਼ਮ ਪਹਿਲਾਂ ਹੀ ਵਿਭਾਗੀ ਕੰਮਾਂ ਲਈ ਹਜ਼ਾਰਾਂ ਰੁਪਏ ਮੋਬਾਈਲ ਅਤੇ ਇੰਟਰਨੈਟ ਡਾਟੇ ’ਤੇ ਆਪਣੀਆਂ ਜੇਬਾਂ ’ਚੋਂ ਖਰਚ ਕਰ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਮੁਲਾਜ਼ਮ ਮਾਰੂ ਫੈਸਲਿਆਂ ਖ਼ਿਲਾਫ ਤਿੱਖਾ ਅਤੇ ਵਿਸ਼ਾਲ ਸੰਘਰਸ਼ ਛੇੜਣ ਦਾ ਜਲਦ ਫੈਸਲਾ ਲਿਆ ਜਾਵੇਗਾ।
ਸਿਹਤ ਕਰਮਚਾਰੀਆਂ ਦੀ ਭੁੱਖ ਹੜਤਾਲ ਜਾਰੀ
ਹੁਸ਼ਿਆਰਪੁਰ: ਇਥੇ ਸਿਹਤ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਲਈ ਕੀਤੀ ਜਾ ਰਹੀ ਭੁੱਖ ਹੜਤਾਲ ਦੀ ਕੜੀ ਵਿੱਚ ਅੱਜ ਭੁੱਖ ਹੜਤਾਲ ਦੇ ਚੌਥੇ ਦਿਨ 5 ਸਿਹਤ ਕਰਮਚਾਰੀ ਭੁੱਖ ਹੜਤਾਲ ’ਤੇ ਬੈਠੇ। ਅੱਜ ਮਨਜੀਤ ਭਾਟੀਆ, ਸਤਨਾਮ ਸਿੰਘ, ਹਰਜਿੰਦਰ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਕੌਰ, ਨੀਲਮ ਰਾਣੀ ਅਤੇ ਸਰੋਜ ਬਾਲਾ ਭੁੱਖ ਹੜਤਾਲ ’ਤੇ ਬੈਠੇ। -ਪੱਤਰ ਪ੍ਰੇਰਕ
ਸਿਹਤ ਮੁਲਾਜ਼ਮਾਂ ਦੀ ਭਰਾਤਰੀ ਜਥੇਬੰਦੀਆਂ ਵੱਲੋਂ ਹਮਾਇਤ
ਤਰਨ ਤਾਰਨ (ਪੱਤਰ ਪ੍ਰੇਰਕ): ਇਥੇ ਆਪਣੀਆਂ ਮੰਗਾਂ ਦੇ ਹੱਕ ’ਚ 14-ਦਿਨ ਲਈ ਭੁੱਖ ਹੜਤਾਲ ’ਤੇ ਬੈਠੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਵਰਕਰਾਂ ਵਲੋਂ ਅੱਜ ਇਥੋਂ ਦੇ ਸਿਵਲ ਸਰਜਨ ਦੇ ਦਫ਼ਤਰ ਸਾਹਮਣੇ ਪੰਜਵੇਂ ਦਿਨ ਵੀ ਭੁੱਖ-ਹੜਤਾਲ ’ਤੇ ਬੈਠ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ।