ਤੇਜਿੰਦਰ ਸਿੰਘ ਖਾਲਸਾ
ਚੋਹਲਾ ਸਾਹਿਬ, 25 ਅਕਤੂਬਰ
ਜਮਹੂਰੀ ਕਿਸਾਨ ਸਭਾ ਦੇ ਆਗੂ ਜਗੀਰ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਚੰਦ ਸਿੰਘ ਤੂਤ, ਜਨਵਾਦੀ ਇਸਤਰੀ ਸਭਾ ਦੀ ਆਗੂ ਕਲਵਿੰਦਰ ਕੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ ਦੀ ਪ੍ਰਧਾਨਗੀ ਹੇਠ ਚੋਹਲਾ ਸਾਹਿਬ ਥਾਣੇ ਅੱਗੇ ਜਨਤਕ ਜਥੇਬੰਦੀਆਂ ਵੱਲੋਂ ਰੋਸ ਧਰਨਾ ਲਗਾਇਆ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਆਗੂ ਦਲਜੀਤ ਸਿੰਘ ਦਿਆਲਪੁਰਾ ਤੇ ਹਰਭਜਨ ਸਿੰਘ ਚੂਸਲੇਵੜ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਗੰਡੀਵਿੰਡ ਵਿੱਚ ਦਾਰਾ ਸਿੰਘ ਤੇ ਉਸ ਦੇ ਲੜਕੇ ਅਰਸ਼ਦੀਪ ਨੇ ਆਪਣੇ ਗੁਆਂਢੀ ਕਰਨਬੀਰ ਸਿੰਘ ਤੇ ਅੰਗਹੀਣ ਸੁਖਦੇਵ ਸਿੰਘ ਨੂੰ ਘਰ ਆ ਕੇ ਮਾਰ ਦੇਣ ਦੀ ਨੀਅਤ ਨਾਲ ਸੱਟਾਂ ਮਾਰੀਆਂ। ਜਿਸ ਦੌਰਾਨ ਉਨ੍ਹਾਂ ਖ਼ਿਲਾਫ਼ 28-05-22 ਨੂੰ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਇਸ ਥਾਣੇ ਦੇ ਐੱਸਐੱਚਓ ਬਲਰਾਜ ਸਿੰਘ ਨੇ ਧਰਨਾਕਾਰੀਆਂ ਨੂੰ ਯਕੀਨ ਦਿਵਾਇਆ ਕਿ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਕੇ ਤੁਰੰਤ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਚਮਨਲਾਲ ਦਰਾਜਕੇ ਨੇ ਸਾਂਝੇ ਤੌਰ ’ਤੇ ਐਲਾਨ ਕੀਤਾ ਕਿ ਜੇ ਮੁਲਜ਼ਮਾਂ ਨੂੰ ਤੁਰੰਤ ਗਿ੍ਫ਼ਤਾਰ ਨਾ ਕੀਤਾ ਗਿਆ ਤਾਂ ਇਸ ਥਾਣੇ ਮੂਹਰੇ 16 ਨਵੰਬਰ ਨੂੰ ਵਿਸ਼ਾਲ ਧਰਨਾ ਸ਼ੁਰੂ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪੁਲੀਸ ਪ੍ਰਸ਼ਾਸਨ ਦੀ ਹੋਵੇਗੀ।