ਦਵਿੰਦਰ ਸਿੰਘ ਭੰਗੂ
ਰਈਆ, 17 ਮਾਰਚ
ਇਥੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਦੇ ਪ੍ਰਬੰਧਕਾ ਵੱਲੋਂ ਬੱਚਿਆਂ ਦੀ ਸਾਲਾਨਾ ਫ਼ੀਸ, ਮਹੀਨਾਵਾਰ ਫ਼ੀਸ, ਬੱਸ ਕਿਰਾਇਆ ਤੇ ਕਿਤਾਬਾਂ ਵਿੱਚ ਭਾਰੀ ਵਾਧਾ ਕਰਨ ’ਤੇ ਵੱਡੀ ਗਿਣਤੀ ਬੱਚਿਆਂ ਦੇ ਮਾਪਿਆ ਵੱਲੋਂ ਸਕੂਲ ਗਰਾਊਂਡ ’ਚ ਧਰਨਾ ਦਿੱਤਾ ਗਿਆ। ਇਸ ਮੌਕੇ ਸਕੂਲ ਪ੍ਰਬੰਧਕਾਂ ਵਿਰੁੱਧ ਸਖਤ ਨਾਅਰੇਬਾਜ਼ੀ ਕੀਤੀ ਗਈ। ਸਕੂਲ ਦੇ ਨੋਟਿਸ ਬੋਰਡ ’ਤੇ ਵੱਡੀ ਗਿਣਤੀ ਬੱਚਿਆਂ ਦੇ ਨਾਂ ਡਿਫਾਲਟਰ ਲਿਖਣ ’ਤੇ ਮਾਪੇ ਭੜਕ ਗਏ। ਇਸ ਮੌਕੇ ਮਾਪਿਆਂ ਦਾ ਪੱਖ ਜਾਣਨ ਲਈ ਆਏ ਇਲੈਕਟ੍ਰਾਨਿਕ ਮੀਡੀਆ ਕਰਮੀਆਂ ਨੂੰ ਸਕੂਲ ਕਰਮਚਾਰੀਆਂ ਵੱਲੋਂ ਗੁੰਡਾ ਅਨਸਰ ਸ਼ਬਦ ਬੋਲੇ ਗਏ। ਇਸ ਮੌਕੇ ਆਪ ਆਗੂ ਪੁੱਜੇ ਹੋਏ ਸਨ। ਜਿਨ੍ਹਾਂ ਨੂੰ ਸਕੂਲ ਕਮੇਟੀ ਨੇ ਅੰਦਰ ਹੀ ਦਾਖਲ ਨਹੀਂ ਹੋਣ ਦਿੱਤਾ। ਪੁਲੀਸ ਥਾਣਾ ਬਿਆਸ ਮੁਖੀ ਪ੍ਰਮੋਦ ਕੁਮਾਰ ਵੱਲੋਂ ਪੁਲੀਸ ਪਾਰਟੀ ਨਾਲ ਸਕੂਲ ’ਚ ਨਿਗਰਾਨੀ ਰੱਖੀ ਜਾ ਰਹੀ ਸੀ।
ਇਸ ਮੌਕੇ ਸ਼ੋਰ ਸਿੰਘ ਜਵੰਦਪੁਰ, ਹਰਪਾਲ ਸਿੰਘ ਚੀਮਾ ਬਾਠ, ਮਨਦੀਪ ਕੌਰ ਚੀਮਾ ਬਾਠ, ਮਲਕੀਤ ਕੌਰ ਜਲੂਵਾਲ, ਰਾਜਵਿੰਦਰ ਕੌਰ ਗਗੜੇਵਾਲ ਆਦਿ ਨੇ ਦੱਸਿਆ ਕਿ ਪਿਛਲੇ ਸਾਲ ਪੰਜਵੀਂ ਦੇ ਬੱਚੇ ਦੀ ਜਿਹੜੀ ਸਾਲਾਨਾ ਦਾਖਲਾ ਫ਼ੀਸ 6600 ਰੁਪਏ ਸੀ, ਉਹ 10600 ਰੁਪਏ ਕਰ ਦਿੱਤੀ ਹੈ। ਇਸੇ ਤਰ੍ਹਾਂ ਮਹੀਨੇਵਾਰ ਫ਼ੀਸ, ਬੱਸ ਕਿਰਾਏ ਤੇ ਸਕੂਲੀ ਕਿਤਾਬਾਂ ਦੇ ਰੇਟ ’ਚ ਵਾਧਾ ਕਰ ਦਿੱਤਾ ਗਿਆ ਹੈ। ਸਕੂਲ ਕਮੇਟੀ ਵੱਲੋਂ ਸਿੱਖਿਆ ਅਧਿਕਾਰ ਐਕਟ 2009 ਵੀ ਲਾਗੂ ਨਹੀਂ ਕੀਤਾ ਗਿਆ। ਮਾਪਿਆਂ ਨੇ ਨਵੀਂ ਚੁਣੀ ਆਮ ਆਦਮੀ ਪਾਰਟੀ ਦੀ ਸਰਕਾਰ ਪਾਸੋਂ ਮੰਗ ਕੀਤੀ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਮੁਫ਼ਤ ਵਿੱਦਿਆ ਦਾ ਵਾਧਾ ਕੀਤਾ ਸੀ ਪਰ ਉਲਟਾ ਪ੍ਰਾਈਵੇਟ ਸਕੂਲ ਪ੍ਰਬੰਧਕ ਫ਼ੀਸਾਂ ’ਚ ਭਾਰੀ ਵਾਧਾ ਕਰ ਰਹੇ ਹਨ ਜਿਸ ’ਤੇ ਕਾਰਵਾਈ ਕੀਤੀ ਜਾਵੇ।
ਫ਼ੀਸਾਂ ਵੱਧ ਨੇ ਤਾਂ ਬੱਚੇ ਹੋਰ ਸਕੂਲਾਂ ’ਚ ਤਬਦੀਲ ਕਰ ਲੈਣ ਮਾਪੇ: ਚੇਅਰਮੈਨ
ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਬਲਜੀਤ ਸਿੰਘ ਸੇਖੋਂ ਨੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਇੱਥੇ ਫ਼ੀਸਾਂ ਵੱਧ ਹਨ ਤਾਂ ਉਹ ਆਪਣੇ ਬੱਚੇ ਹੋਰ ਸਕੂਲਾਂ ’ਚ ਤਬਦੀਲ ਕਰ ਲੈਣ, ਜਿੱਥੇ ਉਨ੍ਹਾਂ ਨੂੰ ਇਸ ਸਕੂਲ ਨਾਲੋਂ ਫ਼ੀਸ ਘੱਟ ਲੱਗਦੀ ਹੈ। ਉਹ 21 ਮਾਰਚ ਤੱਕ ਬੱਚਿਆਂ ਦੀਆਂ ਫ਼ੀਸਾਂ ਬਾਰੇ ਸੋਚਣਗੇ। ਉਨ੍ਹਾਂ ਮੀਡੀਆ ਕਰਮੀਆਂ ਨਾਲ ਬਦਸਲੂਕੀ ਸਬੰਧੀ ਕਿਹਾ ਕਿ ਇਹ ਮਾੜੀ ਗੱਲ ਹੈ। ਇਸ ਸਬੰਧੀ ਡੀਈਓ ਸੈਕੰਡਰੀ ਜੁਗਰਾਜ ਸਿੰਘ ਰੰਧਾਵਾ ਨੇ ਕਿਹਾ ਕਿ ਫ਼ੀਸਾਂ ਵਧਾਉਣ ਜਾ ਆਰਟੀਈ ਐਕਟ-2009 ਦੀ ਪਾਲਣਾ ਨਾ ਕਰਨ ਸਬੰਧੀ ਸਬੰਧਿਤ ਡੀਐੱਮ ਸਿੱਖਿਆ ਦੀ ਜਾਚ ਸਬੰਧੀ ਡਿਊਟੀ ਲਾ ਦਿੱਤੀ ਗਈ ਹੈ।