ਪੱਤਰ ਪ੍ਰੇਰਕ
ਤਰਨ ਤਾਰਨ, 23 ਜੁਲਾਈ
ਸੂਬਾ ਸਰਕਾਰ ਵਲੋਂ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੀ ਸਥਾਨਕ ਡਿੱਪੂ ਇਕਾਈ ਦੇ ਪ੍ਰਧਾਨ ਅਜਮੇਰ ਸਿੰਘ ਦੀ ਬਦਲੀ ਪੱਟੀ ਡਿੱਪੂ ਕਰ ਦੇਣ ਖ਼ਿਲਾਫ਼ ਅੱਜ ਇੱਥੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਨਾਲ ਸਬੰਧਿਤ ਕਈ ਜਥੇਬੰਦੀਆਂ ਵੱਲੋਂ ਰੋਸ ਵਿਖਾਵਾ ਕੀਤਾ ਗਿਆ| ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂ ਬਲਕਾਰ ਵਲਟੋਹਾ, ਸੁੱਚਾ ਸਿੰਘ, ਰਾਜਿੰਦਰਪਾਲ ਕੌਰ, ਗੁਰਪ੍ਰੀਤ ਗੰਡੀਵਿੰਡ, ਬਲਜੀਤ ਧਾਮੀ ਆਦਿ ਨੇ ਸੰਬੋਧਨ ਕੀਤਾ| ਬੁਲਾਰਿਆਂ ਕਿਹਾ ਕਿ ਵਿਭਾਗ ਨੇ ਅਜਮੇਰ ਸਿੰਘ ਦਾ ਤਬਾਦਲਾ ਉਸ ਵੇਲੇ ਕੀਤਾ ਹੈ ਜਦੋਂ ਉਨ੍ਹਾਂ ਦੀ ਸੇਵਾ ਮੁਕਤੀ ਵਿੱਚ ਚਾਰ ਮਹੀਨੇ ਦਾ ਸਮਾਂ ਬਾਕੀ ਰਹਿੰਦਾ ਹੈ| ਆਗੂਆਂ ਕਿਹਾ ਕਿ ਅਜਮੇਰ ਸਿੰਘ ਦੀ ਸੇਵਾਵਾਂ ਦੀ ਵਿਭਾਗ ਨੇ ਕਈ ਵਾਰ ਤਾਰੀਫ਼ ਕੀਤੀ ਹੈ ਜਿਸ ਕਰਕੇ ਉਨ੍ਹਾਂ ਦਾ ਤਬਾਦਲਾ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ| ਆਗੂਆਂ ਟਰਾਂਸਪੋਰਟ ਮੰਤਰੀ ਨੂੰ ਆਪਣੇ ਹੀ ਜ਼ਿਲ੍ਹੇ ਅੰਦਰ ਅਜਿਹੀ ਕਾਰਵਾਈ ਕਰਨ ਤੋਂ ਅਧਿਕਾਰੀਆਂ ਨੂੰ ਵਰਜਣਾ ਚਾਹੀਦਾ ਹੈ| ਉਨ੍ਹਾਂ ਕਿਹਾ ਕਿ ਤਬਾਦਲਾ ਰੱਦ ਨਾ ਕਰਨ ਦੀ ਸੂਰਤ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।