ਪੱਤਰ ਪ੍ਰੇਰਕ
ਤਰਨ ਤਾਰਨ, 30 ਜੁਲਾਈ
ਠੱਠੀ ਖਾਰਾ ਪਿੰਡ ਨੇੜਲੇ ਕਈ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਪੈਸੇ ਦੁੱਗਣੇ ਕਰਨ ਦਾ ਝਾਂਸਾ ਦਿੰਦਿਆਂ ਕਰੋੜਾਂ ਰੁਪਏ ਇਕੱਤਰ ਕਰਕੇ ਫਰਾਰ ਹੋ ਜਾਣ ਵਾਲੀਆਂ ਦੋ ਕੰਪਨੀਆਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਠੱਠੀ ਖਾਰਾ ਪਿੰਡ ਵਿੱਚ ਅੱਜ ਲੋਕਾਂ ਨੇ ਰੋਸ ਵਿਖਾਵਾ ਕੀਤਾ|
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਬਾਬਾ ਸ਼ਵਿੰਦਰ ਸਿੰਘ ਖਾਰਾ, ਮਨਜਿੰਦਰ ਸਿੰਘ, ਹਰਪਾਲ ਸਿੰਘ ਪੰਡੋਰੀ ਸਿਧਵਾਂ ਆਦਿ ਨੇ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਇਨ੍ਹਾਂ ਧੋਖੇਬਾਜ਼ ਕੰਪਨੀਆਂ ਦੇ ਕਰਿੰਦੇ ਲੋਕਾਂ ਨੂੰ ਵਰਗਲਾ ਕੇ ਉਨ੍ਹਾਂ ਕੋਲੋਂ ਪੈਸੇ ਲੈਂਦੇ ਆਏ| ਇਸ ਨਾਲ ਲੋਕਾਂ ਕੋਲੋਂ ਕੰਪਨੀਆਂ ਦੇ ਕਰਿੰਦਿਆਂ ਨੇ ਕਰੋੜਾਂ ਰੁਪਏ ਇਕੱਤਰ ਕਰਕੇ ਹੁਣ ਅਚਾਨਕ ਗਾਇਬ ਹੋ ਗਏ ਹਨ| ਆਗੂਆਂ ਕਿਹਾ ਕਿ ਜਥੇਬੰਦੀ ਨੇ ਇਹ ਮਾਮਲਾ ਪੁਲੀਸ ਦੇ ਵੀ ਧਿਆਨ ਵਿੱਚ ਲਿਆਂਦਾ ਹੈ ਪਰ ਪੁਲੀਸ ਲੋਕਾਂ ਨੂੰ ਨਿਆਂ ਨਹੀਂ ਦਿਵਾ ਰਹੀ| ਪਿੰਡਾਂ ਦੇ ਇਨ੍ਹਾਂ ਲੋਕਾਂ ਨੇ ਇਸ ਸਬੰਧੀ ਅੰਦੋਲਨ ਕਰਨ ਲਈ ਪੀੜਤ ਬੰਦਿਆਂ ਅਤੇ ਔਰਤਾਂ ਦੀਆਂ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਹੈ ਜਿਸ ਤਹਿਤ ਗੁਰਬਖ਼ਸ਼ ਸਿੰਘ ਅਤੇ ਅਮਰਜੀਤ ਕੌਰ ਨੂੰ ਕ੍ਰਮਵਾਰ ਪੁਰਸ਼ਾਂ ਅਤੇ ਔਰਤਾਂ ਦੇ ਆਗੂ ਚੁਣਿਆ ਗਿਆ ਹੈ।