ਨਿੱਜੀ ਪੱਤਰ ਪ੍ਰੇਰਕ
ਬਟਾਲਾ, 30 ਅਗਸਤ
ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਵੱਲੋਂ ਵਿਦਿਆਰਥੀਆਂ ਵਿੱਚ ਰਚਨਾਮਿਕ ਅਤੇ ਕਲਾਤਮਿਕ ਪ੍ਰਵਿਰਤੀਆਂ ਨੂੰ ਪਛਾਣਨ ਤੇ ਨਿਖਾਰਨ ਦੇ ਮਨੋਰਥ ਨਾਲ ਸਾਹਿਤਕ ਉਤਸਵ ਪ੍ਰੁੋਗਰਾਮ ਕਰਵਾਇਆ ਗਿਆ। ਇਸ ਮੌਕੇ ਮਿਆਰੀ ਅਖ਼ਬਾਰਾਂ ਪੜ੍ਹਨ, ਕਵਿਤਾਵਾਂ, ਮਿੰਨੀ ਕਹਾਣੀਆਂ ਅਤੇ ਹੋਰ ਨਰੋਏ ਸਾਹਿਤ ਨੂੰ ਪੜ੍ਹਨ ਦੇ ਅੰਤਰ-ਹਾਊਸ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਖ਼ੁਦ ਲਿਖੀਆਂ ਰਚਨਾਵਾਂ ਪੇਸ਼ ਕੀਤੀਆਂ। ਪ੍ਰੋਗਰਾਮ ਦਾ ਆਗ਼ਾਜ਼ ਸ਼ਾਇਰ ਸੁਰਜੀਤ ਪਾਤਰ ਦੀ ਕਵਿਤਾ ‘ਚਿੜੀਆਂ ਸੀ ਕੁਝ ਬੈਠੀਆਂ’ ਨਾਲ ਕੀਤਾ ਗਿਆ। ਸਕੂਲ ਚੇਅਰਮੈਨ ਗੁਰਦਿਆਲ ਸਿੰਘ ਤੇ ਡਾਇਰੈਕਟਰ ਪ੍ਰਿੰਸੀਪਲ ਜਸਬਿੰਦਰ ਕੌਰ ਨੇ ਦੱਸਿਆ ਕਿ ਕਵਿਤਾ ਮੁਕਾਬਲੇ ’ਚ ਵਿਦਿਆਰਥਣ ਅਰਸ਼ਦੀਪ ਕੌਰ ਅਵੱਲ ਰਹੀ। ਮਿੰਨੀ ਕਹਾਣੀ ’ਚ ਸੀਰਤਜੋਤ ਕੌਰ, ਲੋਕ ਗੀਤ ’ਚ ਪ੍ਰਭਨੂਰ ਕੌਰ, ਅਖ਼ਬਾਰ ਪੜ੍ਹਨ ’ਚ ਹਰਨੂਰਦੀਪ ਕੌਰ, ਪੁਸਤਕ ਪੜ੍ਹਨ ਵਿੱਚ ਜੈਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬੁੱਕ ਰੀਡਰਜ਼ ਕਲੱਬ ਵੱਲੋਂ ਕਰਵਾਏ ਪ੍ਰੋਗਰਾਮ ਦੀ ਪ੍ਰਧਾਨਗੀ ਗੁਰਦਿਆਲ ਸਿੰਘ ਨੇ ਕੀਤੀ। ਕਲੱਬ ਦੀ ਸਰਪ੍ਰਸਤ ਅਧਿਆਪਕਾ ਰਮਨਦੀਪ ਕੌਰ ਨੇ ਵੀ ਆਪਣੇ ਵਿਚਾਰ ਰੱਖੇ।