ਭਗਵਾਨ ਦਾਸ ਸੰਦਲ
ਦਸੂਹਾ, 13 ਮਾਰਚ
ਹੋਲੀ ਦੇ ਮੱਦੇਨਜ਼ਰ ਸ਼ਹਿਰ ਦੇ ਬਾਜ਼ਾਰਾਂ ’ਚ ਰੰਗਾਂ ਅਤੇ ਪਿਚਕਾਰੀਆਂ ਦੀਆਂ ਦੁਕਾਨਾਂ ਸਜਣੀਆਂ ਸ਼ੁਰੂ ਹੋ ਗਈਆਂ ਹਨ। ਇਸੇ ਦੌਰਾਨ ਦੁਕਾਨਦਾਰ ਰਸਾਇਣਕ ਜਾਂ ਸਿੰਥੈਟਿਕ ਰੰਗ ਵੇਚਣ ਦੀ ਤਿਆਰੀ ਕੱਸੀ ਬੈਠੇ ਹਨ। ਇਸ ਸਬੰਧੀ ਵਪਾਰ ਮੰਡਲ ਦਸੂਹਾ ਵੱਲੋਂ ਰਸਾਇਣਕ ਅਤੇ ਬਨਾਵਟੀ ਰੰਗਾਂ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਬਾਜ਼ਾਰਾਂ ਵਿੱਚ ਕਈ ਕਿਸਮਾਂ ਦੇ ਮਿਲਾਵਟੀ ਰੰਗਾਂ ਦੀ ਭਰਮਾਰ ਹੈ ਜਿਨ੍ਹਾਂ ਨੂੰ ਰਸਾਇਣ, ਚੂਨਾ, ਕੱਚ, ਕਾਪਰ ਸਲਫੇਟ ਆਦਿ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਇਨ੍ਹਾਂ ਰੰਗਾਂ ਦੀ ਵੱਡੇ ਵਪਾਰੀਆਂ ਵੱਲੋਂ ਮੁਹੱਲਿਆਂ ਦੀਆਂ ਦੁਕਾਨਾਂ ਅਤੇ ਆਲੇ ਦੁਆਲੇ ਦੇ ਪਿੰਡਾਂ ਵਿਚ ਸਪਲਾਈ ਸ਼ੁਰੂ ਹੋ ਚੁੱਕੀ ਹੈ।
ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਨੇ ਕਿਹਾ ਕਿ ਇਨ੍ਹਾਂ ਬਨਾਵਟੀ ਰੰਗਾਂ ਦੀ ਵਰਤੋਂ ਨਾਲ ਸਰੀਰ ’ਤੇ ਜਲਣ, ਖਾਰਸ਼, ਐਲਰਜੀ ਵਰਗੇ ਰੋਗ ਹੋ ਸਕਦੇ ਹਨ। ਵਾਰ ਅੱਖਾਂ ਵਿੱਚ ਰੰਗ ਪੈਣ ਕਾਰਨ ਨਜ਼ਰ ’ਤੇ ਬੁਰਾ ਅਸਰ ਪੈ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੋਲੀ ਦੇ ਤਿਉਹਾਰ ਨੂੰ ਪ੍ਰੰਪਰਾਗਤ ਢੰਗ ਨਾਲ ਮਨਾ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।
ਰਸਾਇਣਕ ਰੰਗ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ: ਐੱਸਡੀਐੱਮ
ਉਪ ਮੰਡਲ ਮੈਜਿਸਟਰੇਟ ਦਸੂਹਾ ਰਣਦੀਪ ਸਿੰਘ ਹੀਰ ਨੇ ਕਿਹਾ ਕਿ ਰਸਾਇਣਕ ਅਤੇ ਬਨਾਵਟੀ ਰੰਗਾਂ ਦੀ ਵਿਕਰੀ ਖ਼ਿਲਾਫ਼ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਰਸਾਇਣਾਂ ਵਾਲੇ ਰੰਗਾਂ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ।