ਪਠਾਨਕੋਟ (ਪੱਤਰ ਪ੍ਰੇਰਕ): ਸ਼ਹਿਰ ਦੀ ਬਿਜਲੀ ਸਪਲਾਈ ਅੱਜ ਦੁਪਹਿਰੇ 55 ਮਿੰਟ ਲਈ ਠੱਪ ਰਹਿਣ ਨਾਲ ਲੋਕਾਂ ਨੂੰ ਗਰਮੀ ਨਾਲ ਦੋ-ਚਾਰ ਹੋਣਾ ਪਿਆ ਜਦ ਕਿ ਕਈ ਇਲਾਕਿਆਂ ਵਿੱਚ ਦੁਪਹਿਰ ਦੇ ਸਮੇਂ ਪਾਣੀ ਦੀ ਸਪਲਾਈ ਨਹੀਂ ਹੋ ਸਕੀ। ਹਾਲਾਂਕਿ ਬਿਜਲੀ ਵਿਵਸਥਾ ਸੁਚਾਰੂ ਹੋਣ ਬਾਅਦ ਨਿਗਮ ਨੇ ਉਕਤ ਖੇਤਰ ਵਿੱਚ ਜ਼ਿਆਦਾ ਸਮੇਂ ਤੱਕ ਸਪਲਾਈ ਦੇ ਕੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਇਆ। ਜਾਣਕਾਰੀ ਅਨੁਸਾਰ ਦੁਪਹਿਰ 2:15 ਵਜੇ ਬੰਦ ਹੋਈ ਬਿਜਲੀ ਸਪਲਾਈ ਸਵਾ ਤਿੰਨ ਵਜੇ ਬਹਾਲ ਹੋਈ। ਪਹਿਲਾਂ ਤਾਂ ਲੋਕਾਂ ਨੇ ਬਿਜਲੀ ਕੱਟ ਸਮਝਿਆ ਪਰ ਅੱਧੇ ਘੰਟੇ ਤੱਕ ਜਦ ਲਾਈਟ ਨਾ ਆਈ ਤਾਂ ਲੋਕਾਂ ਨੇ ਆਪਣੇ-ਆਪਣੇ ਖੇਤਰ ਦੇ ਜੇਈ ਅਤੇ ਐਸਡੀਓ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਸਿਸਟਮ ਬੈਠ ਗਿਆ ਹੈ। ਇਸ ਦੇ ਬਾਅਦ ਲੋਕਾਂ ਨੇ ਨੁਕਸ ਜਾਨਣ ਅਤੇ ਬਿਜਲੀ ਵਿਵਸਥਾ ਕਦੋਂ ਤੱਕ ਬਹਾਲ ਹੋਣ ਬਾਰੇ ਬਣਾਏ ਸ਼ਿਕਾਇਤ ਕੇਂਦਰਾਂ ਵਿੱਚ ਫੋਨ ਕਰਨੇ ਸ਼ੁਰੂ ਕਰ ਦਿੱਤੇ। ਵਿਭਾਗੀ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਅੱਧੇ ਘੰਟੇ ਵਿੱਚ ਹੀ ਇਸ ਬਾਰੇ ਕਰੀਬ 50 ਲੋਕਾਂ ਦੀ ਸ਼ਿਕਾਇਤ ਆ ਗਈ। ਐਸਡੀਓ ਵਿਸ਼ਵਜੀਤ ਨੇ ਦੱਸਿਆ ਕਿ ਦੁਪਹਿਰੇ 132 ਕੇਵੀ ਸਬ ਸਟੇਸ਼ਨ ਦੀ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਸੀ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸਰਕਲ ਦੇ ਇਲਾਵਾ ਸਰਨਾ ਵਿੱਚ ਟ੍ਰਿਪਿੰਗ ਹੋਈ ਸੀ ਜਿਸ ਕਾਰਨ ਪਠਾਨਕੋਟ ਦਾ ਸਾਰਾ ਸਿਸਟਮ ਬੈਠ ਗਿਆ। ਫਾਲਟ ਨੂੰ ਠੀਕ ਕਰਨ ਵਿੱਚ ਕਰੀਬ 55 ਮਿੰਟ ਦਾ ਸਮਾਂ ਲੱਗ ਗਿਆ ਤਾਂ ਜਾ ਕੇ ਬਿਜਲੀ ਵਿਵਸਥਾ ਬਹਾਲ ਹੋ ਸਕੀ।