ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 21 ਜੁਲਾਈ
ਕਸਬਾ ਗੋਇੰਦਵਾਲ ਸਾਹਿਬ ਵਿਚ ਨਵ ਵਿਆਹੁਤਾ ਲੜਕੀ ਦੀ ਭੇਤਭਰੇ ਹਾਲਾਤ ਵਿੱਚ ਮੌਤ ਹੋਣ ਤੋਂ ਬਾਅਦ ਸੰਸਕਾਰ ਦੌਰਾਨ ਪੇਕੇ ਪਰਿਵਾਰ ਅਤੇ ਸਹੁਰੇ ਪਰਿਵਾਰ ਵਿਚ ਵਿਵਾਦ ਹੋਣ ਕਾਰਨ ਮਾਮਲਾ ਪੁਲੀਸ ਕੋਲ ਪੁੱਜਾ ਹੈ। ਜ਼ਿਕਰਯੋਗ ਹੈ ਕਿ ਪੁਲੀਸ ਵੱਲੋਂ ਬਲਦੇ ਸਿਵੇ ਵਿੱਚੋਂ ਅੱਧ ਸੜੀ ਲਾਸ਼ ਬਰਾਮਦ ਕਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨ ਤਾਰਨ ਭੇਜ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਬੀਰ ਕੌਰ ਦਾ 6 ਮਹੀਨੇ ਪਹਿਲਾ ਅੰਮ੍ਰਿਤਸਰ ਵਾਸੀ ਗੁਰਪ੍ਰੀਤ ਸਿੰਘ ਨਾਲ ਵਿਆਹ ਹੋਇਆ ਸੀ, ਦੋਵਾਂ ਵਿਚਕਾਰ ਅਣਬਣ ਚੱਲ ਰਹੀ ਸੀ। ਇਸ ਕਾਰਨ ਕੁਲਬੀਰ ਕੌਰ ਇਕ ਮਹੀਨੇ ਤੋਂ ਪੇਕੇ ਘਰ ਰਹਿ ਰਹੀ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਂ ਰਣਜੀਤ ਕੌਰ ਪਤਨੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਕੁਲਬੀਰ ਕੌਰ ਦਾ ਗੁਰਪ੍ਰੀਤ ਸਿੰਘ ਨਾਲ ਕਿਸੇ ਮਾਮਲੇ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਬੀਤੀ ਰਾਤ ਕਰੀਬ 10 ਵਜੇ ਗੁਰਪ੍ਰੀਤ ਸਿੰਘ, ਕੁਲਬੀਰ ਕੌਰ ਨੂੰ ਫੋਨ ਕਰ ਕੇ ਸਹੁਰੇ ਵਾਪਸ ਲਿਜਾਣ ਦੀ ਗੱਲ ਆਖ ਕੇ ਘਰੋਂ ਬਾਹਰ ਬੁਲਾਇਆ ਗਿਆ ਪਰ ਕੁਲਬੀਰ ਕੌਰ ਅਤੇ ਪਰਿਵਾਰ ਨੇ ਇਨਕਾਰ ਕਰਦੇ ਹੋਏ ਸਵੇਰੇ ਭੇਜਣ ਦੀ ਗੱਲ ਕੀਤੀ। ਇਸ ਤੋਂ ਬਾਅਦ ਦੋਵਾਂ ਦਾ ਫੋਨ ਉੱਪਰ ਝਗੜਾ ਹੋਇਆ। ਰਾਤ ਕਰੀਬ 11 ਵਜੇ ਸਾਰਾ ਪਰਿਵਾਰ ਸੌਂ ਗਿਆ। ਸਵੇਰ ਜਦੋਂ ਲੜਕੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਜਾਂਚ ਅਧਿਕਾਰੀ ਨਵਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੜਤਾਲ ਦੌਰਾਨ ਮਾਮਲਾ ਸਪੱਸ਼ਟ ਹੋਵੇਗਾ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।