ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 7 ਮਈ
ਇੱਥੋਂ ਨਜ਼ਦੀਕੀ ਸਥਿਤ ਪਿੰਡ ਅਕਾਲਗੜ੍ਹ ਢਪੱਈਆਂ ਥਾਣਾ ਜੰਡਿਆਲਾ ਗੁਰੂ ਵਿਖੇ ਥਾਣਾ ਸਦਰ ਬਟਾਲਾ ਤੋਂ ਛਾਪੇਮਾਰੀ ਕਰਨ ਆਈ ਪੁਲੀਸ ਉੱਪਰ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਈ ਗਈ ਅਤੇ ਇਸ ਗੋਲੀਬਾਰੀ ਵਿਚ ਬਟਾਲਾ ਪੁਲੀਸ ਦਾ ਸਿਪਾਹੀ ਸਤਨਾਮ ਸਿੰਘ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ।ਪੁਲੀਸ ਮੁਲਾ਼ਜਮ ਸਾਥੀ ਮੁਲਾਜ਼ਮ ਨੂੰ ਜ਼ਖ਼ਮੀ ਹਾਲਤ ਵਿੱਚ ਤੁਰੰਤ ਅੰਮ੍ਰਿਤਸਰ ਇਲਾਜ ਲਈ ਲੈ ਗਏ। ਮੁਲਾਜ਼ਮ ਦੇ ਪੇਟ ਵਿੱਚ ਗੋਲੀ ਲੱਗੀ ਹੈ
ਇਸ ਬਾਰੇ ਜਾਣਕਾਰੀ ਦਿੰਦਿਆਂ ਜੰਡਿਆਲਾ ਗੁਰੂ ਦੇ ਡੀਐੱਸਪੀ ਸੁਖਵਿੰਦਰਪਾਲ ਸਿੰਘ ਨੇ ਕਿਹਾ ਥਾਣਾ ਸਦਰ ਬਟਾਲਾ ਦੀ ਪੁਲੀਸ ਪਤੀ ਪਤਨੀ ਦੇ ਝਗੜੇ, ਜਿਸ ਵਿਚ ਪਤਨੀ ਸੰਦੀਪ ਕੌਰ ਵਾਸੀ ਅਕਾਲਗੜ੍ਹ ਢਪੱਈਆਂ ਦਾ ਵਿਆਹ ਗੁਰਜੀਤ ਸਿੰਘ ਵਾਸੀ ਪਿੰਡ ਮੂਲਿਆਂਵਾਲ ਜ਼ਿਲ੍ਹਾ ਬਟਾਲਾ ਨਾਲ ਹੋਇਆ ਸੀ। ਸੰਦੀਪ ਕੌਰ ਦੀ ਆਪਣੇ ਸਹੁਰੇ ਪਰਿਵਾਰ ਨਾਲ ਅਣਬਣ ਚੱਲ ਰਹੀ ਸੀ, ਜਿਸ ਦੇ ਚੱਲਦਿਆਂ ਇਸ ਦੇ ਪਰਿਵਾਰ ਵਾਲਿਆਂ ਨੇ ਸਹੁਰਿਆਂ ਦੇ ਘਰ ਵਿੱਚ ਬੀਤੀ 10 ਅਪਰੈਲ ਨੂੰ ਜਬਰਨ ਦਾਖਲ ਹੋ ਕੇ ਹਮਲਾ ਕੀਤਾ ਸੀ। ਇਸ ਸਬੰਧੀ ਮਨਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਗੁਰਮੀਤ ਸਿੰਘ, ਸੁਖਦੇਵ ਸਿੰਘ, ਹਰਭਜਨ ਕੌਰ ਵਾਸੀ ਅਕਾਲਗੜ੍ਹ ਢਪੱਈਆਂ ਤੇ ਜੋਬਨ ਵਾਸੀ ਡੱਡੂਆਣਾ ਖ਼ਿਲਾਫ਼ ਮਾਮਲਾ ਥਾਣਾ ਸਦਰ ਬਟਾਲਾ ਵਿਖੇ ਦਰਜ ਹੋਇਆ ਸੀ। ਇਸ ਸਬੰਧੀ ਦਰਜ ਹੋਏ ਪਰਚੇ ਵਿਚ ਦੋਸ਼ੀਆਂ ਨੂੰ ਕਾਬੂ ਕਰਨ ਲਈ ਥਾਣਾ ਸਦਰ ਬਟਾਲਾ ਦੀ ਪੁਲੀਸ ਨੇ ਪਿੰਡ ਅਕਾਲਗੜ੍ਹ ਢਪੱਈਆਂ ਥਾਣਾ ਜੰਡਿਆਲਾ ਗੁਰੂ ਵਿੱਚ ਛਾਪਾ ਮਾਰਿਆ ਸੀ। ਉਨ੍ਹਾਂ ਦੱਸਿਆ ਛਾਪੇ ਦੌਰਾਨ ਪੁਲੀਸ ਉੱਪਰ ਜੋਬਨ ਵਾਸੀ ਡੱਡੂਆਣਾ, ਗੁਲਾਬਾ ਸਿੰਘ ਵਾਸੀ ਦਸਮੇਸ਼ ਨਗਰ ਥਾਣਾ ਤਰਸਿੱਕਾ ਅਤੇ ਵਿਸ਼ਾਲ ਵਾਸੀ ਪਿੰਡ ਅਕਾਲਗੜ੍ਹ ਢਪੱਈਆਂ ਅਤੇ ਦੋ ਹੋਰ ਲੋਕਾਂ ਨੇ ਆਈ ਹੋਈ ਪੁਲੀਸ ਪਾਰਟੀ ਉੱਪਰ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ।
ਇਸ ਗੋਲੀਬਾਰੀ ਵਿਚ ਥਾਣਾ ਸਦਰ ਬਟਾਲਾ ਦਾ ਸਿਪਾਹੀ ਸਤਨਾਮ ਸਿੰਘ ਪੇਟ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆਜਿਸ ਨੂੰ ਅੰਮ੍ਰਿਤਸਰ ਦੇ ਫੋਰਟਿਸ ਐਸਕਾਰਟ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਡੀਐੱਸਪੀ ਨੇ ਦੱਸਿਆ ਗੋਲੀ ਚਲਾਉਣ ਵਾਲਿਆਂ ਵਿੱਚੋਂ ਤਿੰਨ ਮੁਲਜ਼ਮ ਕਾਬੂ ਕਰ ਲਏ ਗਏ ਹਨ ਅਤੇ ਦੋ ਫ਼ਰਾਰ ਹਨ।