ਪੱਤਰ ਪ੍ਰੇਰਕ
ਪਠਾਨਕੋਟ, 18 ਅਕਤੂਬਰ
ਦੀਵਾਲੀ ਦੇ ਸਬੰਧ ਵਿੱਚ ਪਠਾਨਕੋਟ ਪੁਲੀਸ ਨੇ ਪਟਾਕਿਆਂ ਦੀ ਗੈਰ-ਕਾਨੂੰਨੀ ਵਿਕਰੀ ਅਤੇ ਸਟੋਰੇਜ ਖ਼ਿਲਾਫ਼ ਸ਼ਿਕੰਜਾ ਕਸਦਿਆਂ ਬੀਤੀ ਦੇਰ ਰਾਤ ਨੂੰ ਪਿੰਡ ਗੁਸਾਈਂਪੁਰ ਵਿੱਚ ਪਟਾਕਿਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ ਅਤੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਵਿਨੋਦ ਕੁਮਾਰ ਵਾਸੀ ਮੁਹੱਲਾ ਸਾਹਿਬਜ਼ਾਦਾ, ਅਸ਼ੀਸ਼ ਕੁਮਾਰ ਉਰਫ਼ ਆਸ਼ੂ ਵਾਸੀ ਮੁਹੱਲਾ ਰਾਜੜਿਆਂ ਅਤੇ ਬੰਟੀ ਵਾਸੀ ਮੁਹੱਲਾ ਸਰਾਈਂ ਪਠਾਨਕੋਟ ਵਜੋਂ ਹੋਈ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਤਲਾਹ ਮਿਲੀ ਸੀ ਕਿ ਪਠਾਨਕੋਟ ਦੇ ਪਿੰਡ ਗੁਸਾਈਂਪੁਰ ਵਿੱਚ ਪਟਾਕਿਆਂ ਦੇ ਕੁਝ ਥੋਕ ਵਪਾਰੀਆਂ ਨੇ ਭਾਰੀ ਮਾਤਰਾ ਵਿੱਚ ਪਟਾਕਿਆਂ ਦਾ ਗੈਰ-ਕਾਨੂੰਨੀ ਭੰਡਾਰਨ ਕਰ ਰੱਖਿਆ ਹੈ ਅਤੇ ਇਹ ਪਟਾਕੇ ਦਿਵਾਲੀ ਦੇ ਤਿਉਹਾਰ ਮੌਕੇ ਨਾਜਾਇਜ਼ ਰੂਪ ਵਿੱਚ ਵੇਚ ਕੇ ਮੋਟੀ ਕਮਾਈ ਕੀਤੀ ਜਾਵੇਗੀ। ਜਿਸ ਦੇ ਚੱਲਦਿਆਂ ਡੀਐੱਸਪੀ ਧਾਰ ਕਲਾਂ ਰਾਜਿੰਦਰ ਮਨਹਾਸ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਛਾਪਾ ਮਾਰ ਕੇ ਸਾਰੇ ਪਟਾਕਿਆਂ ਦੇ ਸਟਾਕ ਨੂੰ ਜ਼ਬਤ ਕਰ ਲਿਆ। ਇਸ ਮੌਕੇ ਐੱਸਡੀਐੱਮ ਪਠਾਨਕੋਟ ਕਾਲਾ ਰਾਮ ਕਾਂਸਲ ਵੀ ਮੌਕੇ ਉਪਰ ਪੁੱਜੇ ਅਤੇ ਉਨ੍ਹਾਂ ਵੀ ਰਿਹਾਇਸ਼ੀ ਖੇਤਰ ਵਿੱਚ ਸਟੋਰ ਕਰਨ ਵਾਲੇ ਪਟਾਕਾ ਵਪਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਜ਼ਬਤ ਕੀਤੇ ਗਏ ਪਟਾਕਿਆਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਫੜੇ ਗਏ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਵਿਸਫੋਟਕ ਸਮੱਗਰੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ।