ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 24 ਫਰਵਰੀ
ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਪੰਜਾਬ ਦੀ ਗੁਰਦਾਸਪੁਰ ਇਕਾਈ ਵੱਲੋਂ ਆਪਣੀ ਪਹਿਲੀ ਵਰ੍ਹੇਗੰਢ ਦੇ ਮੌਕੇ ਪਗੜੀ ਸੰਭਾਲ ਜੱਟਾ ਲਹਿਰ ਦੇ ਮੋਢੀ ਸਰਦਾਰ ਅਜੀਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਪਵਨ ਕੁਮਾਰ ਸਰਕਾਰੀ ਆਈ ਟੀ ਆਈ (ਲੜਕੇ) ਗੁਰਦਾਸਪੁਰ ਵਿੱਚ ਨਾਟਕ ਮੇਲਾ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਸੇਵਾਮੁਕਤ ਪ੍ਰਿੰਸੀਪਲ ਅਵਤਾਰ ਸਿੰਘ ਸਿੱਧੂ, ਗੁਰਮੀਤ ਸਿੰਘ ਪਾਹੜਾ ਪ੍ਰਧਾਨ ਇਪਟਾ, ਜੇ ਪੀ ਸਿੰਘ ਖਰਲਾਂ ਵਾਲਾ, ਡਾ ਨਵਨੀਤ ਕੌਰ, ਡਾ. ਗੁਰਬੀਰ ਸਿੰਘ, ਪ੍ਰਿੰਸੀਪਲ ਸੰਦੀਪ ਸਿੰਘ ਬੈਂਸ ਆਈ ਟੀ ਆਈ ਗੁਰਦਾਸਪੁਰ, ਡਾ. ਗੁਰਚਰਨ ਗਾਂਧੀ ਅਤੇ ਰੰਜਨ ਵਫ਼ਾ ਨੇ ਕੀਤੀ। ਇਸ ਮੌਕੇ ਤੇ ਡਾ. ਸਾਹਿਬ ਸਿੰਘ ਅਦਾਕਾਰ ਮੰਚ ਮੁਹਾਲੀ ਦੀ ਨਿਰਦੇਸ਼ਨ ਹੇਠ ‘ਕਿਵ ਕੂੜੈ ਤੁਟੈ ਪਾਲਿ’ ਤੇ ‘ਸੰਮਾਂ ਵਾਲੀ ਡਾਂਗ’ ਖੇਡੇ ਗਏ। ਬਲਬੀਰ ਸਿੰਘ ਮੂਧਲ ਨੇ ਇਪਟਾ ਦੇ ਇਤਿਹਾਸ ਬਾਰੇ ਦੱਸਿਆ।