ਤਰਨ ਤਾਰਨ: ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਅੱਜ ਇਥੇ ਦੱਸਿਆ ਕਿ ਜ਼ਿਲ੍ਹੇ ਅੰਦਰ ਮਗਨਰੇਗਾ ਸਕੀਮ ਤਹਿਤ ਇਸ ਵਿੱਤੀ ਸਾਲ ਦੌਰਾਨ ਵੱਖ ਵੱਖ ਕੰਮਾਂ ਤੇ 85 ਕਰੋੜ ਰੁਪਏ ਖਰਚ ਕੀਤੇ ਜਾਣਗੇ। ਅਧਿਕਾਰੀ ਨੇ ਦੱਸਿਆ ਕਿ ਜਿਲ੍ਹੇ ਵਿੱਚ ਹੁਣ ਤੱਕ 1,24,676 ਲੋੜਵੰਦ ਲਾਭਪਾਤਰੀਆਂ ਦੇ ਜਾੱਬ ਕਾਰਡ ਬਣਾਏ ਗਏ ਹਨ ਅਤੇ ਅੱਜ ਤੱਕ 5,05,478 ਦਿਹਾੜੀਆਂ ਪੈਦਾ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਾੱਬ ਕਾਰਡ ਹੋਲਡਰਾਂ ਨੂੰ ਮਗਨਰੇਗਾ ਅਧੀਨ ਪਿੰਡਾਂ ਦੇ 2875 ਵਿਅਕਤੀਗਤ ਘਰਾਂ ਨੂੰ ਕੈਟਲ ਸ਼ੈੱਡ, ਸੂਰਾਂ, ਬੱਕਰੀਆਂ ਆਦਿ ਦੇ ਸ਼ੈੱਡ ਬਣਾਉਣ ਦਾ ਲਾਭ ਮਗਨਰੇਗਾ ਅਧੀਨ ਦਿੱਤਾ ਜਾ ਰਿਹਾ ਹੈ। ਇਸ ਸਕੀਮ ਅਧੀਨ ਛੱਪੜਾਂ ਦੇ ਨਵੀਨੀਕਰਨ, ਸੀਚੇਵਾਲ ਮਾਡਲ ਛੱਪੜਾਂ ਦੇ ਨਿਰਮਾਣ ਦੇ ਕੰਮ, ਪਲਾਂਟੇਸ਼ਨ, ਆਂਗਣਵਾੜੀ ਸੈਂਟਰ, ਰੂਰਲ ਕੁਨੇਕਟਿਵਿਟੀ ਅਤੇ ਪਾਰਕਾਂ ਦੀ ਉਸਾਰੀ ਕਰਵਾਈ ਗਈ ਹੈ। -ਪੱਤਰ ਪ੍ਰੇਰਕ