ਸਰਬਜੀਤ ਸਾਗਰ
ਦੀਨਾਨਗਰ, 16 ਜੁਲਾਈ
ਫੋਟੋਗ੍ਰਾਫ਼ਰ ’ਤੇ ਕਾਤਲਾਨਾ ਹਮਲਾ ਹੋਣ ਦੇ ਤਿੰਨ ਹਫ਼ਤਿਆਂ ਬਾਅਦ ਵੀ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਅੱਜ ਪੀੜਤ ਪਰਿਵਾਰ ਨੇ ਫੋਟੋਗ੍ਰਾਫ਼ਰ ਐਸੋਸੀਏਸ਼ਨ ਦੀ ਮਦਦ ਨਾਲ ਥਾਣਾ ਦੀਨਾਨਗਰ ਮੂਹਰੇ ਦੋ ਘੰਟੇ ਤੱਕ ਧਰਨਾ ਦਿੱਤਾ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਪੁਲੀਸ ਟਾਲਮਟੋਲ ਕਰ ਰਹੀ ਹੈ।
ਦੱਸਣਯੋਗ ਹੈ ਕਿ ਪਿੰਡ ਅਵਾਂਖਾ ਨਿਵਾਸੀ ਫੋਟੋਗ੍ਰਾਫ਼ਰ ਅਜੇ ਕੁਮਾਰ 25 ਜੂਨ ਦੀ ਰਾਤ ਨੂੰ ਜਦੋਂ ਆਪਣੀ ਦੁਕਾਨ ਬੰਦ ਕਰਕੇ ਘਰ ਜਾਣ ਲੱਗਾ ਤਾਂ ਦੋ ਮੋਟਰਸਾਈਕਲਾਂ ’ਤੇ ਆਏ ਚਾਰ ਨੌਜਵਾਨਾਂ ਨੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਜਿਸ ਨੂੰ ਦੀਨਾਨਗਰ ਅਤੇ ਗੁਰਦਾਸਪੁਰ ਦੇ ਹਸਪਤਾਲਾਂ ਤੋਂ ਜਵਾਬ ਮਿਲਣ ਕਾਰਨ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿੱਥੇ ਅੱਜ ਵੀ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਡਾਕਟਰਾਂ ਮੁਤਾਬਕ ਉਸ ਦੇ ਸਿਰ ਵਿੱਚ 40 ਤੋਂ ਜ਼ਿਆਦਾ ਟਾਂਕੇ ਲੱਗੇ ਹਨ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਵੱਲੋਂ ਸਾਧਾਰਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਪਰ ਪਰਿਵਾਰ ਨੇ ਨਾਖ਼ੁਸ਼ੀ ਜ਼ਾਹਿਰ ਕਰਦਿਆਂ ਜਦੋਂ ਕੁਝ ਦਿਨ ਪਹਿਲਾਂ ਧਰਨਾ ਦਿੱਤਾ ਤਾਂ ਪੁਲੀਸ ਨੇ 12 ਜੁਲਾਈ ਨੂੰ 307, 326 ਧਾਰਾਵਾਂ ਦਾ ਵਾਧਾ ਕਰ ਦਿੱਤਾ ਪਰ ਪੁਲੀਸ ਹਾਲੇ ਤੱਕ ਦੋਸ਼ੀਆਂ ਤਕ ਨਹੀਂ ਪੁੱਜ ਸਕੀ। ਫੋਟੋਗ੍ਰਾਫ਼ਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਸ਼ਰਮਾ ਨੇ ਕਿਹਾ ਕਿ ਪੁਲੀਸ ਦਬਾਅ ਹੇਠ ਮਾਮਲੇ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ।
ਧਰਨੇ ਦੌਰਾਨ ਜਦੋਂ ਔਰਤਾਂ ਨੂੰ ਪਤਾ ਲੱਗਾ ਕਿ ‘ਆਪ’ ਦਾ ਇੱਕ ਆਗੂ ਦੋਸ਼ੀਆਂ ਨੂੰ ਬਚਾਉਣ ’ਚ ਲੱਗਾ ਹੋਇਆ ਹੈ ਅਤੇ ਪੁਲੀਸ ਉਸ ਦੇ ਦਬਾਅ ਹੇਠ ਕੰਮ ਕਰ ਰਹੀ ਹੈ ਤਾਂ ਔਰਤਾਂ ਨੇ ਚੋਣ ਹਾਰਨ ਵਾਲੇ ਇਸ ‘ਆਪ’ ਆਗੂ ਖ਼ਿਲਾਫ਼ ਨਾਅਰੇ ਮਾਰਦਿਆਂ ਪਿੱਟ ਸਿਆਪਾ ਕੀਤਾ। ਇਸ ਤੋਂ ਪਹਿਲਾਂ ਇਸ ਆਗੂ ਦੇ ਨੇੜਲੇ ਵੱਲੋਂ ਰਾਜ਼ੀਨਾਮੇ ਦੀ ਪੇਸ਼ਕਸ਼ ਵੀ ਕੀਤੀ ਗਈ ਜਿਸਨੂੰ ਪਰਿਵਾਰ ਵੱਲੋਂ ਠੁੱਕਰਾ ਦਿੱਤਾ ਗਿਆ। ਧਰਨਾ ਲੱਗਣ ਦੇ ਇੱਕ ਘੰਟੇ ਬਾਅਦ ਜਦੋਂ ਪੱਤਰਕਾਰਾਂ ਨੇ ਐਸਐਚਓ ਦੀ ਗ਼ੈਰਹਾਜ਼ਰੀ ’ਚ ਡੀਐਸਪੀ ਮੰਗਲ ਸਿੰਘ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਥਾਣੇ ਦੇ ਬਾਹਰ ਕਿਸੇ ਤਰ੍ਹਾਂ ਦੇ ਧਰਨੇ ਦੀ ਜਾਣਕਾਰੀ ਨਾ ਹੋਣ ਦੀ ਗੱਲ ਆਖੀ ਅਤੇ ਫਿਰ ਖ਼ੁਦ ਧਰਨਾਕਾਰੀਆਂ ਕੋਲ ਪਹੁੰਚ ਕੇ ਭਰੋਸਾ ਦਿੱਤਾ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਜਲਦ ਕਰਕੇ ਇਨਸਾਫ਼ ਕੀਤਾ ਜਾਵੇਗਾ।
‘ਆਪ’ ਆਗੂ ਦੀਆਂ ਗਤੀਵਿਧੀਆਂ ’ਤੇ ਸਵਾਲ
ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਦੇ ਬਾਵਜੂਦ ਦੀਨਾਨਗਰ ਤੋਂ ਚੋਣ ਹਾਰਨ ਵਾਲੇ ‘ਆਪ’ ਉਮੀਦਵਾਰ ਵੱਲੋਂ ਖ਼ੁਦ ਨੂੰ ਹਲਕਾ ਇੰਚਾਰਜ ਵਜੋਂ ਪੇਸ਼ ਕਰਕੇ ਚਲਾਈਆਂ ਜਾ ਰਹੀਆਂ ਗਤੀਵਿਧੀਆਂ ’ਤੇ ਵਿਧਾਇਕਾ ਅਰੁਨਾ ਚੌਧਰੀ ਤੋਂ ਬਾਅਦ ਹੁਣ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ੋਕ ਚੌਧਰੀ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਪ੍ਰੈਸ ਕਾਨਫ਼ਰੰਸ ’ਚ ਅਸ਼ੋਕ ਚੌਧਰੀ ਨੇ ਸਵਾਲ ਉਠਾਇਆ ਕਿ ‘ਆਪ’ ਉਮੀਦਵਾਰ ਸ਼ਮਸ਼ੇਰ ਸਿੰਘ ਖ਼ੁਦ ਨੂੰ ਹਲਕਾ ਇੰਚਾਰਜ ਦੱਸ ਕੇ ਸਰਕਾਰੀ ਮੁਲਾਜ਼ਮਾਂ ਅਤੇ ਪੰਚਾਂ-ਸਰਪੰਚਾਂ ’ਤੇ ਰੋਹਬ ਝਾੜ ਰਿਹਾ ਹੈ। ਇਸ ਸਬੰਧੀ ਜਦੋਂ ‘ਆਪ’ ਆਗੂ ਸ਼ਮਸ਼ੇਰ ਸਿੰਘ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੇ ਪੀਏ ਨੇ ਚੰਡੀਗੜ੍ਹ ਵਿਖੇ ਜ਼ਰੂਰੀ ਮੀਟਿੰਗ ’ਚ ਰੁੱਝੇ ਹੋਣ ਦੀ ਗੱਲ ਆਖ਼ਦਿਆਂ ਪੱਖ ਦਿਵਾਉਣ ਤੋਂ ਅਸਮਰੱਥਾ ਜਤਾਈ।