ਸੁਖਦੇਵ ਸਿੰਘ ਸੁੱਖ
ਅਜਨਾਲਾ, 3 ਜੁਲਾਈ
ਅਜ਼ਾਦੀ ਤੋਂ ਬਾਅਦ ਮੁਢਲੀਆਂ ਸਹੂਲਤਾਂ ਨੂੰ ਤਰਸਦਾ ਰਿਹਾ ਵਿਧਾਨ ਸਭਾ ਹਲਕਾ ਅਜਨਾਲਾ ’ਚ ਵਿਕਾਸ ਕਾਰਜ ਨੇਪਰੇ ਚਾੜ੍ਹ ਕੇ ਇਸ ਨਮੂਨੇ ਵਜੋਂ ਵਿਕਸਤ ਕੀਤਾ ਜਾਵੇਗਾ ਤਾਂ ਜੋ ਇਸ ਸਰਹੱਦੀ ਖੇਤਰ ਦੇ ਲੋਕ ਸ਼ਹਿਰਾਂ ਵਰਗੀਆਂ ਸਹੂਲਤਾਂ ਮਿਲ ਸਕਣ। ਇਹ ਗੱਲ ਅੱਜ ਅਜਨਾਲਾ ਦੇ ਵੱਖ-ਵੱਖ ਵਾਰਡਾਂ ਵਿੱਚ ਜਨਤਾ ਵੱਲੋਂ ਕਰਵਾਏ ਗਏ ਵਿਸ਼ੇਸ਼ ਸਮਾਰੋਹ ਦੌਰਾਨ ਇੱਥੇ ਪਹੁੰਚੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਨਤਾ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਉਪਰੰਤ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਅਜਨਾਲਾ ਸ਼ਹਿਰ ਅੰਦਰ ਲੋੜੀਂਦੀਆਂ ਹਰੇਕ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਜਲਦ ਹੀ ਪੂਰਾ ਕੀਤਾ ਜਾਵੇਗਾ। ਉਪਰੰਤ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਪਰੈਲ ਮਹੀਨੇ ਵਿੱਚ ਅਜਨਾਲਾ ਸ਼ਹਿਰ ਦੇ ਫਰਨੀਚਰ ਦੀ ਦੁਕਾਨ ’ਤੇ ਅਚਨਚੇਤ ਲੱਗੀ ਅੱਗ ਦੌਰਾਨ ਜੋ ਦੁਕਾਨ ਮਾਲਕ ਦਾ ਨੁਕਸਾਨ ਹੋਇਆ ਸੀ। ਉਸ ਦੀ ਸਹਾਇਤਾ ਲਈ ਉਸ ਸਮੇਂ 5 ਲੱਖ ਰੁਪਏ ਦੇਣ ਦੇ ਐਲਾਨ ਤਹਿਤ ਅੱਜ ਉਨ੍ਹਾਂ ਦੁਕਾਨ ਮਾਲਕ ਗੁਰਪ੍ਰੀਤ ਸਿੰਘ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਦਿੱਤਾ। ਇਸ ਸਮੇਂ ਵੱਖ-ਵੱਖ ਵਾਰਡਾਂ ’ਚ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਕੇ ਮੌਕੇ ’ਤੇ ਹੱਲ ਕੀਤਾ ਗਿਆ। ਇਸ ਮੌਕੇ ਪ੍ਰਧਾਨ ਬੱਬੂ ਚੇਤਨਪੁਰਾ, ਗੁਰਜੰਟ ਸਿੰਘ ਸੋਹੀ, ਐੱਡਵੋਕੇਟ ਬ੍ਰਿਜ ਮੋਹਨ ਔਲ, ਜਸਪਿੰਦਰ ਸਿੰਘ ਛੀਨਾਂ, ਦਵਿੰਦਰ ਸਿੰਘ ਸੋਨੂੰ ਸਮੇਤ ਹੋਰ ਆਗੂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਮੌਜੂਦ ਸਨ।