ਸੁਖਦੇਵ ਸਿੰਘ ਸੁੱਖ
ਅਜਨਾਲਾ, 28 ਜੁਲਾਈ
ਅਜਨਾਲਾ ਸ਼ਹਿਰ ਅੰਦਰ ਖਾਣ-ਪੀਣ ਵਾਲੀਆਂ ਵਸਤਾਂ, ਕੱਪੜਿਆਂ ਸਮੇਤ ਹੋਰ ਘਰੇਲੂ ਲੋੜਾਂ ਦੇ ਸਾਮਾਨ ਵਾਲਾ ਮੁੱਖ ਬਾਜ਼ਾਰ ਹੋਣ ਕਾਰਨ ਵੱਡੀ ਗਿਣਤੀ ਲੋਕ ਪਿੰਡਾਂ ਤੋਂ ਰੋਜ਼ਾਨਾ ਇੱਥੇ ਦੁਕਾਨਾਂ ’ਤੇ ਖਰਦੀਦਾਰੀ ਲਈ ਆਉਂਦੇ ਜਾਂਦੇ ਹਨ। ਇੱਥੋਂ ਹੀ ਭਿੰਡੀਆਂ, ਅੰਮ੍ਰਿਤਸਰ, ਚੌਗਾਵਾਂ ਅਤੇ ਫਤਿਹਗੜ੍ਹ ਚੂੜੀਆਂ ਨੂੰ ਜਾਣ ਵਾਲੀਆਂ ਬੱਸਾਂ ਦਾ ਅਧਿਕਾਰਤ ਬੱਸ ਅੱਡੇ ਦੀ ਬਜਾਏ ਸੜਕਾਂ ‘ਤੇ ਲੰਬਾ ਸਮਾਂ ਰੁਕਣ ਕਾਰਨ ਮੇਨ ਬਜ਼ਾਰ ਵਿੱਚੋਂ ਲੰਘਦੀ ਸੜਕ ਤੇ ਅਕਸਰ ਹੀ ਜਾਮ ਲੱਗਿਆ ਰਹਿੰਦਾ ਹੈ। ਇਸ ਨੂੰ ਦੇਖਦਿਆਂ ਨਗਰ ਪੰਚਾਇਤ ਅਜਨਾਲਾ ਅਜਨਾਲਾ ਤੋਂ ਅੰਮ੍ਰਿਤਸਰ ਮੁੱਖ ਸੜਕ ’ਤੇ ਨਵੇਂ ਬੱਸ ਅੱਡੇ ਦਾ ਨਿਰਮਾਣ ਕੀਤਾ ਗਿਆ ਸੀ। ਨਵਾਂ ਬੱਸ ਅੱਡਾ ਬਣਨ ਮਗਰੋਂ ਪ੍ਰਸ਼ਾਸਨ ਦੀ ਸਖਤੀ ਨਾਲ ਕੁਝ ਕੁ ਸਮਾਂ ਹੀ ਸਾਰੀਆਂ ਬੱਸਾਂ ਇਸ ਨਵੇਂ ਬੱਸ ਅੱਡੇ ਤੋਂ ਸਵਾਰੀਆਂ ਲੈਂਦੀਆਂ ਰਹੀਆਂ ਪਰ ਫਿਰ ਨਿੱਜੀ ਬੱਸ ਮਾਲਕਾਂ ਨੇ ਇਸ ਅੱਡੇ ਦੀ ਵਰਤੋਂ ਛੱਡ ਕੇ ਸੜਕਾਂ ’ਤੇ ਅਣ-ਅਧਿਕਾਰਿਤ ਤੌਰ ’ਤੇ ਬੱਸਾਂ ਖੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜ਼ਿਕਰਯੋਗ ਹੈ ਕਿ ਕਸਬਾ ਡੇਰਾ ਬਾਬਾ ਨਾਨਕ ਤੋਂ ਵਾਇਆ ਰਮਦਾਸ ਤੋਂ ਅੰਮ੍ਰਿਤਸਰ ਤੇ ਚੌਗਾਵਾਂ ਜਾਣ ਵਾਲੀਆਂ ਬੱਸਾਂ ਹੀ ਸਿਰਫ ਇਸ ਬੱਸ ਅੱਡੇ ਵਿੱਚ ਲੰਘਦੇ-ਲੰਘਦੇ ਹੀ ਗੇੜਾ ਲਾਉਂਦੀਆਂ ਹਨ ਜਦ ਕਿ ਫਤਿਹਗੜ੍ਹ ਚੂੜੀਆਂ ਨੂੰ ਜਾਣ ਵਾਲੀਆਂ ਮਿੰਨੀ ਬੱਸਾਂ ਸਿਵਲ ਹਸਪਤਾਲ ਅਜਨਾਲਾ ਦੇ ਨਜ਼ਦੀਕ, ਭਿੰਡੀਆਂ ਨੂੰ ਜਾਣ ਵਾਲੀਆਂ ਬੱਸਾਂ ਰਮਦਾਸ ਸੜਕ ’ਤੇ ਇੱਕ ਨਿੱਜੀ ਪਲਾਟ ਵਿੱਚ ਅਤੇ ਬੱਲੜ੍ਹਵਾਲ ਨੂੰ ਜਾਣ ਵਾਲੀਆਂ ਬੱਸਾਂ ਪੁਰਾਣੀ ਸਬਜ਼ੀ ਮੰਡੀ ਵਾਲੀ ਸੜਕ ’ਤੇ ਲੰਬਾ ਸਮਾਂ ਖੜ੍ਹੀਆਂ ਕਰਕੇ ਬੱਸ ਚਾਲਕ ਟ੍ਰੈਫਿਕ ਸਮੱਸਿਆ ਖੜ੍ਹੀ ਕਰਨ ਦੇ ਨਾਲ-ਨਾਲ ਨਗਰ ਪੰਚਾਇਤ ਅਜਨਾਲਾ ਵੱਲੋਂ ਨਵੇਂ ਬੱਸ ਅੱਡੇ ’ਤੇ ਲਈ ਜਾਂਦੀ ਅੱਡਾ ਫੀਸ ਨਾ ਭਰ ਕੇ ਖਜ਼ਾਨੇ ਨੂੰ ਵੀ ਚੂਨਾ ਲਗਾ ਰਹੇ ਹਨ ਰਹੇ ਹਨ। ਇੱਥੇ ਆਮ ਰਾਹਗੀਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਰਕਾਰ ਬੱਸਾਂ ਨੂੰ ਬੱਸ ਅੱਡੇ ’ਤੇ ਹੀ ਖੜ੍ਹੀਆਂ ਕਰਨ ਦੀ ਹਦਾਇਤ ਕਰੇ।
ਕਾਰਵਾਈ ਕਰਾਂਗੇ: ਵੜੈਚ
ਅਜਨਾਲਾ ਦੇ ਕਾਰਜਸਾਧਕ ਅਫਸਰ ਰਣਦੀਪ ਸਿੰਘ ਵੜੈਚ ਨੇ ਕਿਹਾ ਕਿ ਬੱਸ ਅੱਡੇ ਤੋਂ ਬਿਨਾਂ ਕਿਸੇ ਹੋਰ ਥਾਂ ਤੋਂ ਵਾਪਸ ਮੁੜ੍ਹਦੀਆਂ ਬੱਸਾਂ ਸਬੰਧੀ ਨਗਰ ਪੰਚਾਇਤ ਕਾਰਵਾਈ ਕਰੇਗੀ ਤੇ ਪੁਲੀਸ ਪ੍ਰਸ਼ਾਸਨ ਨੂੰ ਵੀ ਲਿਖਿਆ ਜਾਵੇਗਾ।