ਐੱਨ.ਪੀ.ਧਵਨ
ਪਠਾਨਕੋਟ, 30 ਅਗਸਤ
ਧਾਰ ਬਲਾਕ ਦੇ ਦੁਨੇਰਾ ਤੋਂ ਬਖਤਪੁਰ ਤੱਕ ਦੀ ਸੜਕ ਦੀ ਹਾਲਤ ਬਹੁਤ ਮੰਦੀ ਹੈ। ਇਸ ਸਬੰਧੀ ਧਾਰ ਬਲਾਕ ਦੇ ਦਰਜਨਾਂ ਸਰਪੰਚਾਂ ਨੇ ਆਪਣੇ ਵਿਧਾਇਕ ਨਰੇਸ਼ ਪੁਰੀ ਨਾਲ ਗੱਲ ਕੀਤੀ ਅਤੇ ਵਿਧਾਇਕ ਨਰੇਸ਼ ਪੁਰੀ ਨੇ ਇਸ ਸੜਕ ਦਾ ਜਾਇਜ਼ਾ ਲਿਆ। ਇਸ ਦੌਰੇ ਮੌਕੇ ਸਰਪੰਚ ਪੱਪੂ ਰਾਮ, ਸਰਪੰਚ ਵੀਨਾ ਮਨਹਾਸ, ਸਰਪੰਚ ਅੰਜੂ ਬਾਲਾ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਵਿਧਾਇਕ ਨਰੇਸ਼ ਪੁਰੀ ਨੇ ਮੌਕਾ ਦੇਖਣ ਮਗਰੋਂ ਸਬੰਧਿਤ ਵਿਭਾਗ ਪੀਡਬਲਯੂਡੀ ਦੇ ਇੰਜਨੀਅਰ ਸੰਦੀਪ ਖੰਨਾ ਨਾਲ ਫੋਨ ’ਤੇ ਸੰਪਰਕ ਕੀਤਾ ਅਤੇ ਕਿਹਾ ਕਿ ਇਸ ਸੜਕ ਤੋਂ ਹਿਮਾਚਲ ਨੂੰ ਜਾਣ ਵਾਲੇ ਹਰ ਵਾਹਨ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਉਕਤ ਇੰਜਨੀਅਰ ਨੂੰ ਇਸ ਸੜਕ ਨੂੰ ਪਹਿਲ ਦੇ ਆਧਾਰ ’ਤੇ ਬਣਾਉਣ ਲਈ ਕਿਹਾ। ਇਸ ਸਬੰਧੀ ਜਦ ਇੰਜਨੀਅਰ ਸੰਦੀਪ ਖੰਨਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਸੜਕ ਦਾ ਐਸਟੀਮੇਟ ਬਣਾ ਕੇ ਉਚ ਅਧਿਕਾਰੀਆਂ ਨੂੰ ਭੇਜ ਦੇਣਗੇ ਅਤੇ ਮਨਜ਼ੂਰੀ ਮਿਲਦਿਆਂ ਸਾਰ ਇਸ ਸੜਕ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਜਾਵੇਗਾ।