ਪੱਤਰ ਪ੍ਰੇਰਕ
ਪਠਾਨਕੋਟ, 19 ਜੂਨ
ਬਿਜਲੀ ਦੇ ਬਿੱਲ ਜਮ੍ਹਾਂ ਕਰਵਾਉਣ ਲਈ ਕੈਸ਼ ਕਾਊਂਟਰ ਨਾ ਹੋਣ ਕਾਰਨ ਤਹਿਸੀਲ ਧਾਰਕਲਾਂ ਦੇ ਬਲਾਕ-1 ਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧਾਰਕਲਾਂ ਤਹਿਸੀਲ ਦੇ ਲਗਭਗ 30 ਤੋਂ 35 ਪਿੰਡਾਂ ਦੇ ਲੋਕਾਂ ਨੂੰ ਬਿੱਲ ਜਮ੍ਹਾਂ ਕਰਵਾਉਣ ਲਈ ਧਾਰਕਲਾਂ ਸਥਿਤ ਪਾਵਰਕੌਮ ਦੇ ਉਪ-ਮੰਡਲ ਦਫਤਰ ਵਿੱਚ ਜਾਣਾ ਪੈਂਦਾ ਹੈ। ਇਸ ਕੰਮ ਲਈ ਪਿੰਡਾਂ ਵਾਸੀਆਂ ਨੂੰ ਉਥੇ ਆਉਣ-ਜਾਣ ਲਈ 40 ਤੋਂ 50 ਕਿਲੋਮੀਟਰ ਦਾ ਸਫਰ ਤੈਅ ਕਰਨਾ ਪੈਂਦਾ ਹੈ। ਇਸ ਨਾਲ ਲੋਕਾਂ ਨੂੰ ਆਰਥਿਕ ਤੌਰ ’ਤੇ ਨੁਕਸਾਨ ਹੁੰਦਾ ਹੈ ਤੇ ਉਨ੍ਹਾਂ ਦਾ ਸਮਾਂ ਵੀ ਬਰਬਾਦ ਹੁੰਦਾ ਹੈ। ਜ਼ਿਕਰਯੋਗ ਹੈ ਕਿ ਧਾਰਕਲਾਂ ਤਹਿਸੀਲ ਦੇ ਬਲਾਕ-1 ਵਿੱਚ ਪੈਂਦੇ ਲਹਿਰੂਨ, ਥੱਲਾ ਲਾਹੜੀ, ਗਾੜ੍ਹਲ, ਗਾਹਲ, ਟਿੱਪਰ, ਪਲਾਹ, ਭੰਗੂੜੀ, ਨਿਆੜੀ, ਭਟਵਾਂ, ਦੁਖਨਿਆਲੀ, ਦਰਬਾਨ, ਧਾਰ ਖੁਰਦ, ਲੰਜੇਰਾ, ਦੁਨੇਰਾ, ਮਾੜਵਾਂ, ਸਾਰਟੀ ਆਦਿ ਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਖ-ਵੱਖ ਪਿੰਡਾਂ ਦੇ ਵਾਸੀਆਂ ਰਣ ਸਿੰਘ, ਰਾਕੇਸ਼ ਕੁਮਾਰ, ਰਾਮ ਲਾਲ ਆਦਿ ਦਾ ਕਹਿਣਾ ਹੈ ਕਿ ਸਰਕਾਰ ਨੂੰ ਉਨ੍ਹਾਂ ਦੀ ਇਸ ਪ੍ਰੇਸ਼ਾਨੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੁਨੇਰਾ ਵਿੱਚ ਕੈਸ਼ ਕਾਊਂਟਰ ਸਥਾਪਤ ਕਰਨਾ ਚਾਹੀਦਾ ਹੈ।