ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 13 ਅਕਤੂਬਰ
ਸਥਾਨਕ ਵਾਰਡ ਨੰਬਰ ਅੱਠ ਨੇੜੇ ਲੋਕਲ ਬੱਸ ਸਟੈਂਡ ਅਤੇ ਡਾਕਖਾਨੇ ਵਾਲੀ ਗਲੀ ਵਿੱਚ ਨਗਰ ਕੌਂਸਲ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਬਣਾਏ ਗਏ ਕੰਪੋਸਟ ਪਿਟ ਦੀ ਬਦਬੂ ਅਤੇ ਗੰਦਗੀ ਕਾਰਨ ਰਾਹਗੀਰਾਂ ਦਾ ਲੰਘਣਾ ਮੁਸ਼ਕਲ ਹੋਇਆ ਪਿਆ ਹੈ ਅਤੇ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
ਵਾਰਡ ਨੰਬਰ ਅੱਠ ਦੇ ਵਾਸੀ ਆਰ.ਡੀ. ਸਿੰਘ ਨੇ ਦੱਸਿਆ ਕਿ ਇਹ ਕੰਪੋਸਟ ਪਿੱਟ ਨਗਰ ਕੌਂਸਲ ਵੱਲੋਂ ਰਿਹਾਇਸ਼ੀ ਇਲਾਕੇ ਵਿੱਚ ਬਣਾਇਆ ਗਿਆ ਹੈ। ਰਿਹਾਇਸ਼ ਦੇ ਨਾਲ ਨਾਲ ਇੱਥੋਂ ਸਿਰਫ਼ ਦਸ ਕਦਮ ਦੀ ਦੂਰੀ ’ਤੇ ਲੋਕਲ ਬੱਸ ਸਟੈਂਡ, ਡਾਕਖਾਨਾ ਅਤੇ ਪ੍ਰਾਇਮਰੀ ਸਕੂਲ ਹੈ।ਉਨ੍ਹਾਂ ਕਿਹਾ ਇਨ੍ਹਾਂ ਸਭ ਥਾਵਾਂ ਤੇ ਲੋਕਾਂ ਦੀ ਆਵਾਜਾਈ ਸਾਰਾ ਦਿਨ ਰਹਿੰਦੀ ਹੈ। ਸਕੂਲ ਵਿੱਚ ਛੋਟੇ ਛੋਟੇ ਬੱਚੇ ਪੜ੍ਹਦੇ ਹਨ ਅਤੇ ਇੱਥੋਂ ਫੈਲਣ ਵਾਲੀ ਗੰਦਗੀ ਅਤੇ ਬਦਬੂ ਕਾਰਨ ਕਈ ਵਾਰ ਮੁਹੱਲਾ ਵਾਸੀ ਅਤੇ ਹੋਰ ਲੋਕ ਡੇਂਗੂ ਅਤੇ ਮਲੇਰੀਏ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਇੱਥੋਂ ਲੰਘਣਾ ਬਹੁਤ ਮੁਸ਼ਕਲ ਹੈ। ਆਰ.ਡੀ. ਸਿੰਘ ਨੇ ਦੱਸਿਆ ਕਿ ਮੁਹੱਲਾ ਵਾਸੀ ਇਸ ਸਬੰਧੀ ਕਈ ਵਾਰ ਨਗਰ ਕੌਂਸਲ ਨੂੰ ਕਹਿ ਚੁੱਕੇ ਹਨ ਪਰ ਇਸ ਦੇ ਬਾਵਜੂਦ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਕੰਨਾਂ ’ਤੇ ਹਾਲੇ ਤੱਕ ਕੋਈ ਅਸਰ ਨਹੀਂ ਹੋਇਆ।
ਦੂਜੇ ਪਾਸੇ ਇਸ ਮਾਮਲੇ ਵਿੱਚ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਅਨਿਲ ਚੋਪੜਾ ਨੇ ਕਿਹਾ ਕਿ ਜੇਕਰ ਕੰਪੋਸਟ ਪਿੱਟ ਖੁੱਲ੍ਹੀ ਹੋਣ ਦੇ ਕਾਰਨ ਬਦਬੂ ਆ ਰਹੀ ਹੈ ਤਾਂ ਉਹ ਇਸਨੂੰ ਕਵਰ ਕਰਵਾ ਦੇਣਗੇ। ਮਾਮਲੇ ਦਾ ਹੱਲ ਜਲਦੀ ਹੋ ਜਾਵੇਗਾ।