ਲਖਨਪਾਲ ਸਿੰਘ
ਮਜੀਠਾ, 26 ਨਵੰਬਰ
ਇੱਥ ਨਸ਼ਾ ਛੱਡਣ ਵਾਲਾ ਇੱਕ ਮਰੀਜ਼ ਓਟ ਸੈਂਟਰ ਮਜੀਠਾ ਦੇ ਸਟਾਫ ਨੂੰ ਧਮਕਾ ਕੇ 500 ਦੇ ਕਰੀਬ ਨਸ਼ਾਂ ਛੱਡਣ ਵਾਲੀਆਂ ਗੋਲੀਆਂ ਲੈ ਕੇ ਫ਼ਰਾਰ ਹੋ ਗਿਆ ਹੈ। ਜਾਣਕਾਰੀ ਅਨੁਸਾਰ ਓਟ ਸੈਂਟਰ (ਸੀਐੱਚਸੀ ਮਜੀਠਾ) ਦੇ ਸਟਾਫ ਮੈਂਬਰ ਗੁਰਪ੍ਰੀਤ ਸਿੰਘ ਕੌਂਸਲਰ, ਸਿਮਰਜੀਤ ਕੌਰ, ਬਲਜਿੰਦਰ ਸਿੰਘ, ਗੁਰਕਿਰਨ ਕੌਰ ਸੀਐੱਨ, ਦਿਲਬਾਗ ਸਿੰਘ, ਤਰਸੇਮ ਲਾਲ, ਕੁਲਬੀਰ ਸਿੰਘ, ਜੰਗ ਬਹਾਦਰ ਸਮੇਤ ਸਮੂਹ ਸਟਾਫ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਤਰਲੋਚਨ ਸਿੰਘ ਮਜੀਠਾ ਨੂੰ ਲਿਖਤੀ ਦਰਖਾਸਤ ਦਿੰਦਿਆਂ ਦੱਸਿਆ ਕਿ ਇੱਕ ਮਰੀਜ਼ ਮੰਗਾ ਸਿੰਘ ਪੁੱਤਰ ਸੇਵਾ ਸਿੰਘ ਜੋ ਰੋਜ਼ਾਨਾਂ ਨਸ਼ਾ ਛੱਡਣ ਦੀ ਦਵਾਈ ਲੈਣ ਆਉਂਦਾ ਸੀ। ਜਦ ਉਹ ਅੱਜ ਆਪਣੀ ਦਵਾਈ ਲੈਣ ਆਇਆ ਤਾਂ ਉਹ ਆਪਣੀ ਦਵਾਈ ਦੇ ਨਾਲ ਹੋਰਨਾਂ ਮਰੀਜ਼ਾਂ ਦੀ ਦਵਾਈ ਦੀ ਮੰਗ ਕਰਨ ਲੱਗਾ ਤਾਂ ਸਟਾਫ ਵੱਲੋਂ ਮਨ੍ਹਾਂ ਕਰਨ ’ਤੇ ਮੰਗਾ ਸਿੰਘ ਨੇ ਸਮੂਹ ਸਟਾਫ ਨਾਲ ਗਾਲੀ ਗਲੋਚ ਕੀਤੀ ਤੇ ਓਟ ਦਾ ਜਬਰਦਸਤੀ ਦਰਵਾਜ਼ਾ ਖੋਲ੍ਹ ਕੇ ਅੰਦਰ ਆ ਕੇ ਸਟਾਂਫ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਜਬਰੀ 500 ਦੇ ਕਰੀਬ ਨਸ਼ਾ ਛੱਡਣ ਵਾਲੀਆਂ ਗੋਲੀਆਂ ਚੁੱਕ ਕੇ ਲੈ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਡਾ. ਤਰਲੋਚਨ ਸਿੰਘ ਨੇ ਦੱਸਿਆ ਕਿ ਮੰਗਾ ਸਿੰਘ ਪੁੱਤਰ ਸੇਵਾ ਸਿੰਘ ਦੇ ਖਿਲਾਫ਼ ਲਿਖਤੀ ਰਿਪੋਰਟ ਪੁਲੀਸ ਥਾਣਾ ਮਜੀਠਾ ਵਿੱਚ ਦੇ ਦਿੱਤੀ ਗਈ ਹੈ। ਪੁਲੀਸ ਮੁਲਜ਼ਮ ਦੀ ਭਾਲ ਵਿੱਚ ਲੱਗ ਗਈ ਹੈ।