ਐੱਨਪੀ ਧਵਨ
ਪਠਾਨਕੋਟ, 24 ਜੁਲਾਈ
ਸਥਾਨਕ ਸਿਵਲ ਹਸਪਤਾਲ ਅੰਦਰ ਪਠਾਨਕੋਟ ਵਿਕਾਸ ਮੰਚ ਵੱਲੋਂ ਦਾਨੀਆਂ ਦੀ ਸਹਾਇਤਾ ਨਾਲ ਮਰੀਜ਼ਾਂ ਦੀ ਸੁਵਿਧਾ ਲਈ 80 ਲੱਖ ਦੀ ਲਾਗਤ ਨਾਲ ਬਣਾਈ ਗਈ ਆਧੁਨਿਕ ਇਮਾਰਤ ਦਾ ਉਦਘਾਟਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਕੀਤਾ ਗਿਆ ਅਤੇ ਇਹ ਇਮਾਰਤ ਸਿਵਲ ਹਸਪਤਾਲ ਨੂੰ ਸੌਂਪ ਦਿੱਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਰਵਿੰਦਰ ਕੌਰ, ਐੱਸਐੱਮਓ ਡਾ. ਸਤਨਾਮ ਸਿੰਘ ਗਿੱਲ, ਡਾ. ਸੁਨੀਲ ਚੰਦ, ਡਾ. ਓਪੀ ਵਿਗ, ਵਿਕਾਸ ਮੰਚ ਦੇ ਚੇਅਰਮੈਨ ਨਰਿੰਦਰ ਕਾਲਾ, ਪ੍ਰਧਾਨ ਦਿਨੇਸ਼ ਮੋਦਗਿੱਲ, ਉਪ ਚੇਅਰਮੈਨ ਆਦੇਸ਼ ਸਿਆਲ ਤੇ ਉਮੇਸ਼ ਕੋਹਲੀ ਅਤੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਹਾਜ਼ਰ ਸਨ। ਐੱਮਓ ਡਾ. ਸੁਨੀਲ ਚੰਦ ਅਤੇ ਡਾ. ਓਪੀ ਵਿਗ ਹਾਜ਼ਰ ਸਨ।
ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਵਿਕਾਸ ਮੰਚ ਦੇ ਚੇਅਰਮੈਨ ਨਰਿੰਦਰ ਕਾਲਾ ਨੇ ਦੱਸਿਆ ਕਿ ਹਸਪਤਾਲ ਅੰਦਰ ਕਮਰਿਆਂ ਦੀ ਕਮੀ ਦੇ ਮੱਦੇਨਜ਼ਰ ਇਸ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ ਹੈ ਅਤੇ ਇਹ ਸਾਰਾ ਖਰਚਾ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇਸ ਵਿੱਚ 15 ਏਸੀ ਅਤੇ ਨਾਨ-ਏਸੀ ਕਮਰੇ ਬਣਾਏ ਗਏ ਹਨ।