ਪੱਤਰ ਪ੍ਰੇਰਕ
ਪਠਾਨਕੋਟ, 13 ਅਗਸਤ
ਜੇਐਂਡਕੇ (ਜੰਮੂ ਤੇ ਕਸ਼ਮੀਰ) ਟਰਾਂਸਪੋਰਟ ਦੀ ਸਰਵਿਸ ਘੱਟ ਹੋਣ ਕਰਕੇ ਇਥੇ ਪਠਾਨਕੋਟ ਤੋਂ ਸਾਂਬਾ, ਵਿਜੈਪੁਰ ਅਤੇ ਜੰਮੂ ਜਾਣ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਲਈ ਵੀ ਅੱਜ ਸਰਵਿਸ ਘੱਟ ਹੋਣ ਕਾਰਨ ਯਾਤਰੀ ਪ੍ਰੇਸ਼ਾਨ ਨਜ਼ਰ ਆਏ। ਚੰਬਾ ਲਈ ਪਠਾਨਕੋਟ ਡਿਪੂ ਦੀਆਂ ਵੀ 2 ਬੱਸਾਂ ਚਲਦੀਆਂ ਹਨ। ਚੰਬਾ ਲਈ ਪਹਿਲਾਂ ਹਿਮਾਚਲ ਟਰਾਂਸਪੋਰਟ ਦੀ ਹਰ ਅੱਧੇ ਘੰਟੇ ਬਾਅਦ ਸਰਵਿਸ ਸੀ, ਪਰ ਅੱਜ ਸਰਵਿਸ ਘੱਟ ਹੋਣ ਕਰਕੇ ਬੱਸ ਕਾਊਂਟਰ ਤੇ ਲੱਗਦੇ ਸਾਰ ਹੀ ਭਰ ਜਾਂਦੀ ਸੀ। ਜਿਸ ਦੇ ਚਲਦੇ ਬਹੁਤ ਸਾਰੇ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ।
ਅੱਜ ਪਠਾਨਕੋਟ ਸ਼ਹਿਰ ਦੇ ਮੁੱਖ ਬੱਸ ਅੱਡੇ ’ਤੇ ਜੰਮੂ ਅਤੇ ਊਧਮਪੁਰ ਦੇ ਕਾਊਂਟਰ ਖਾਲੀ ਪਏ ਸਨ। ਯਾਤਰੀ ਕਾਫੀ ਸਮੇਂ ਤੱਕ ਆਪਣੀ-ਆਪਣੀ ਬੱਸ ਦਾ ਇੰਤਜ਼ਾਰ ਕਰਦੇ ਨਜ਼ਰ ਆਏ। ਯਾਤਰੀਆਂ ਨੇ ਦੱਸਿਆ ਕਿ ਸਵੇਰੇ 8 ਵਜੇ ਤੋਂ ਲੈ ਕੇ 9 ਵਜੇ ਤੱਕ ਤਾਂ ਜੇਐਂਡਕੇ ਅਤੇ ਪੰਜਾਬ ਰੋਡਵੇਜ਼ ਦੀ ਸਰਵਿਸ ਠੀਕ ਚੱਲੀ ਪਰ 10 ਵਜੇ ਤੋਂ ਬਾਅਦ ਜੇਐਂਡਕੇ, ਪੰਜਾਬ ਦੀ ਜੰਮੂ ਸਰਵਿਸ ਨਾਂਹ ਦੇ ਬਰਾਬਰ ਹੀ ਸੀ।
ਪਠਾਨਕੋਟ ਤੋਂ ਸਾਂਬਾ, ਹੀਰਾਨਗਰ, ਚੜਵਾਲ, ਵਿਜੇਪੁਰ, ਜੰਮੂ ਜਾਣ ਵਾਲੇ ਅਜੇ ਕੁਮਾਰ, ਵੀਰੇਂਦਰ ਕਚੋਤਰਾ, ਬ੍ਰਹਮਦੱਤ ਆਦਿ ਦਾ ਕਹਿਣਾ ਸੀ ਕਿ ਇੱਕ ਘੰਟੇ ਤੋਂ ਜ਼ਿਆਦਾ ਸਮੇਂ ਤੋਂ ਉਹ ਜੰਮੂ ਨੂੰ ਜਾਣ ਵਾਲੀ ਬੱਸ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਜੇਐਂਡਕੇ ਦੀ ਇੱਕ ਵੀ ਬੱਸ ਨਹੀਂ ਆਈ ਅਤੇ ਨਾ ਹੀ ਰੋਡਵੇਜ਼ ਦੀ, ਜਿਸ ਕਾਰਨ ਉਨ੍ਹਾਂ ਨੂੰ ਹੋਰ ਜਗ੍ਹਾ ਜਾ ਕੇ ਬੱਸ ਫੜਨੀ ਪਵੇਗੀ।
ਸਟਾਫ ਪੂਰਾ ਹੋਣ ’ਤੇ ਸਾਰੇ ਰੂਟ ਚਲਾਵਾਂਗੇ: ਗਿੱਲ
ਪੰਜਾਬ ਰੋਡਵੇਜ਼ ਪਠਾਨਕੋਟ ਡਿਪੂ ਦੇ ਜਨਰਲ ਮੈਨੇਜਰ ਦਰਸ਼ਨ ਸਿੰਘ ਗਿੱਲ ਨੇ ਕਿਹਾ ਕਿ ਜੰਮੂ ਲਈ ਨਿਰਧਾਰਤ ਰੂਟ ਤੋਂ ਬੱਸਾਂ ਨਹੀਂ ਚਲਾ ਸਕਦੇ। ਡਰਾਈਵਰਾਂ ਦੀ ਥੁੜ੍ਹ ਕਾਰਨ ਜੇਐਂਡਕੇ ਅਤੇ ਹਿਮਾਚਲ ਦੇ ਵੀ ਕੁੱਝ ਰੂਟ ਛੱਡਣੇ ਪੈਂਦੇ ਹਨ। ਸਟਾਫ ਪੂਰਾ ਹੋਣ ਬਾਅਦ ਸਾਰੇ ਰੂਟ ਚਲਾ ਕੇ ਯਾਤਰੀਆਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ।