ਗੁਰਬਖਸ਼ਪੁਰੀ
ਤਰਨ ਤਾਰਨ, 5 ਅਕਤੂਬਰ
ਤਰਨ ਤਾਰਨ ਦੀ ਨਗਰ ਕੌਂਸਲ ਦੇ ਪ੍ਰਬੰਧਕੀ ਕੰਮਾਂ ’ਚ ਬੀਤੇ ਛੇ ਮਹੀਨਿਆਂ ਤੋਂ ਅਣ-ਅਧਿਕਾਰਤ ਤੌਰ ’ਤੇ ਦਖਲ-ਅੰਦਾਜੀ ਦੇਣ ਕਰਕੇ ਅਕਸਰ ਚਰਚਾ ’ਚ ਰਹਿੰਦੇ ਆ ਰਹੇ ‘ਪੰਨੂ ਸਾਹਿਬ’ ਨਾਂ ਦੇ ਵਿਅਕਤੀ ਦੀਆਂ ਸਰਗਰਮੀਆਂ ਰੋਕਣ ਤੋਂ ਪ੍ਰਸ਼ਾਸਨ ਬੇਵਸ ਦਿਖਾਈ ਦੇ ਰਿਹਾ ਹੈ| ਇਸ ‘ਪੰਨੂ ਸਾਹਿਬ’ ਬਾਰੇ ਆਏ ਦਿਨ ਸੋਸ਼ਲ ਮੀਡੀਆ ’ਤੇ ਚਰਚਿਤ ਪੋਸਟਾਂ ਦੇਖਣ ਸੁਣਨ ਨੂੰ ਮਿਲ ਰਹੀਆਂ ਹਨ ਪਰ ਉਸ ਦਾ ਨਾਂ ਹਾਕਮ ਧਿਰ ‘ਆਪ’ ਦੇ ਸੀਨੀਅਰ ਆਗੂਆਂ ’ਚ ਸ਼ਾਮਲ ਹੋਣ ਕਾਰਨ ਉਸ ਖ਼ਿਲਾਫ਼ ਕਾਰਵਾਈ ਕਰਨ ਤੋਂ ਪ੍ਰਸ਼ਾਸਨ ਪਾਸਾ ਵੱਟ ਰਿਹਾ ਹੈ| ਇਹ ਵਿਅਕਤੀ ਕਰੀਬ ਡੇਢ ਮਹੀਨਾਂ ਪਹਿਲਾਂ ਉਸ ਵੇਲੇ ਚਰਚਾ ’ਚ ਆਇਆ ਸੀ ਜਦੋਂ ਉਸ ਬਾਰੇ ਇਲਾਕੇ ’ਚ ਸੋਸਲ ਮੀਡੀਆ ’ਤੇ ਬਹੁਤ ਵੱਡੇ ਪੱਧਰ ’ਤੇ ਇਕ ਪੋਸਟ ਵਾਇਰਲ ਹੋਈ ਜਿਸ ’ਚ ਉਸ ਦੇ ਤਰਨ ਤਾਰਨ ਸਥਿਤ ਹੋਟਲ ਨੂੰ ਅੱਗ ਲੱਗਣ ਦੀ ਸੂਚਨਾ ਨਗਰ ਕੌਂਸਲ ਦੇ ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਦਿੱਤੀ ਗਈ ਸੀ| ਇਸ ’ਤੇ ਕਾਰਵਾਈ ਕਰਦਿਆਂ ਜਿਵੇਂ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਨਗਰ ਕੌਂਸਲ ਦੀਆਂ ਗੱਡੀਆਂ ਪਾਣੀ ਨਾਲ ਭਰਕੇ ਦੱਸੇ ਹੋਏ ਥਾਂ ’ਤੇ ਪਹੁੰਚੇ ਤਾਂ ਉਥੇ ਅੱਗ ਨਾਂ ਦੀ ਕੋਈ ਸ਼ੈਅ ਨਹੀਂ ਸੀ| ਫਾਇਰ ਬ੍ਰਿਗੇਡ ਦੀਆਂ ਗੱਡੀਆਂ ’ਚ ਭਰਿਆ ਪਾਣੀ ਪੰਨੂ ਸਾਹਿਬ ਦੇ ਹੋਟਲ ਦੀ ਮੋਟਰ ਖਰਾਬ ਹੋਣ ਕਰਕੇ ਹੋਟਲ ਦੀਆਂ ਟੈਂਕੀਆਂ ’ਚ ਭਰਵਾ ਲਿਆ ਗਿਆ|
ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਮੁਲਾਜ਼ਮਾਂ ਨੇ ਇਸ ਸਭ ਕੁਝ ਬਾਰੇ ਸੋਸਲ ਮੀਡੀਆ ’ਤੇ ਖੁੱਲ੍ਹ ਕੇ ਜਾਣਕਾਰੀ ਦਿੱਤੀ| ਇਸ ਦੇ ਨਾਲ ਹੀ ਲੰਘੇ ਦਿਨ ਤਾਂ ਨਗਰ ਕੌਂਸਲ ਦੇ ਦਫ਼ਤਰ ’ਚ ਠੇਕਾ ਆਦਿ ਆਧਾਰ ’ਤੇ ਕੰਮ ਕਰਨ ਲਈ ਰੱਖੀਆਂ ਮਹਿਲਾ ਮੁਲਾਜ਼ਮਾਂ ਨੇ ਤਾਂ ਸੋਸ਼ਲ ਮੀਡੀਆ ’ਤੇ ਦਿੱਤੀ ਜਾਣਕਾਰੀ ’ਚ ਤਾਂ ਆਪਣੇ ਦੁੱਖਾਂ ਦੀ ਦਾਸਤਾਨ ਦਾ ਵਰਣਨ ਕਰਕੇ ਪ੍ਰਸ਼ਾਸਨ ਤੇ ਮਨੁੱਖੀ ਅਧਿਕਾਰਾਂ ਵਾਲੀਆਂ ਜਥੇਬੰਦੀਆਂ ਲਈ ਤਾਂ ਟੇਢੇ ਸਵਾਲ ਖੜ੍ਹੇ ਕਰ ਦਿੱਤੇ ਹਨ| ਇਕ ਮਹਿਲਾ ਮੁਲਾਜ਼ਮ ਦਿਵਿਆਂਗ ਯੂਨੀਅਨ ਦੇ ਆਗੂ ਹਰਭਜਨ ਸਿੰਘ ਚੂਸਲੇਵੜ, ਜਨਤਕ ਜਥੇਬੰਦੀਆਂ ਦੇ ਆਗੂ ਧਰਮ ਸਿੰਘ ਪੱਟੀ ਸਫ਼ਾਈ ਸੇਵਕਾਂ ਦੇ ਆਗੂ ਰਮੇਸ਼ ਕੁਮਾਰ ਦੀ ਹਾਜ਼ਰੀ ’ਚ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਕੰਵਲਜੀਤ ਸਿੰਘ ਕੋਲ ਆਪਣੇ ਦੁੱਖਾਂ ਦੀ ਦਾਸਤਾਨ ’ਚ ‘ਪੰਨੂ ਸਾਹਿਬ’ ਖ਼ਿਲਾਫ਼ ਮਹਿਲਾ ਮੁਲਾਜ਼ਮਾਂ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਉਂਦੀ ਹੈ| ਕਾਰਜਸਾਧਕ ਅਧਿਕਾਰੀ ਕੰਵਲਜੀਤ ਸਿੰਘ ਨੇ ਕਿਹਾ ਕਿ ‘ਪੰਨੂ ਸਾਹਿਬ’ ਨਾਂ ਦਾ ਇਹ ਵਿਅਕਤੀ ‘ਆਪ’ ਆਗੂਆਂ ਨੇ ਆਪਣੀ ਸਰਕਾਰ ਬਣਨ ਤੋਂ ਬਾਅਦ ਨਗਰ ਕੌਂਸਲ ਦੇ ਕੰਮ ਦਾ ਨਿਰੀਖਣ ਕਰਨ ਲਈ ‘ਮੂੰਹ ਜ਼ੁਬਾਨੀ ’ਤੌਰ ’ਤੇ ਰੱਖਿਆ ਸੀ ਜਿਸ ਨੂੰ ਉਨ੍ਹਾਂ ਇਥੇ ਕੁਝ ਦਿਨ ਪਹਿਲਾਂ ਅਹੁਦੇ ਦਾ ਚਾਰਜ ਸੰਭਾਲਦਿਆਂ ਹੀ ਨਗਰ ਕੌਂਸਲ ਦੇ ਦਫ਼ਤਰ ਆਉਣ ਤੋਂ ਰੋਕ ਦਿੱਤਾ ਹੈ| ਇਸ ਸਾਰੇ ਰਾਮ ਰੌਲੇ ’ਚ ਨਗਰ ਕੌਂਸਲ ਵੱਲੋਂ ਕੰਮ ਤੋਂ ਹਟਾ ਦਿੱਤੇ ਗਏ ਮੁਲਾਜ਼ਮਾਂ ਦਾ ਮਾਮਲਾ ਵਿਚਾਲੇ ਹੀ ਲਟਕ ਗਿਆ ਹੈ।
ਜਥੇਬੰਦੀਆਂ ਦੇ ਆਗੂ ਹਰਭਜਨ ਸਿੰਘ, ਧਰਮ ਸਿੰਘ ਤੇ ਰਮੇਸ਼ ਕੁਮਾਰ ਨੇ ਬੀਤੇ ਕੱਲ੍ਹ ਕਾਰਜਸਾਧਕ ਅਧਿਕਾਰੀ ਤੇ ਐੱਸਡੀਐੱਮ-ਕਮ-ਨਗਰ ਕੌਂਸਲ ਦੇ ਪ੍ਰਬੰਧਕ ਨੂੰ ਮੰਗ ਪੱਤਰ ਦੇ ਇਸ ‘ਪੰਨੂ ਸਾਹਿਬ’ ਦੀਆਂ ‘ਸ਼ਕਤੀਆਂ’ ਦੀ ਜਾਣਕਾਰੀ ਮੰਗੀ ਹੈ ਜਿਸ ਤਹਿਤ ਉਹ ਨਗਰ ਕੌਂਸਲ ਦੇ ਕੰਮ-ਕਾਜ ’ਚ ਦਾਖਲ-ਅੰਦਾਜੀ ਕਰ ਰਿਹਾ ਹੈ|