ਪੱਤਰ ਪ੍ਰੇਰਕ
ਪਠਾਨਕੋਟ, 8 ਸਤੰਬਰ
ਇਸ ਜ਼ਿਲ੍ਹੇ ਵਿੱਚ ਪੀਲੇਪਣ ਤੋਂ ਪ੍ਰਭਾਵਿਤ ਝੋਨੇ ਦੀ ਫਸਲ ਦਾ ਨਿਰੀਖਣ ਕਰਨ ਲਈ ਖੇਤੀਬਾੜੀ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਇਸ ਨਵੀਂ ਸਮੱਸਿਆ ਬਾਰੇ ਜਾਗਰੂਕ ਕੀਤਾ ਗਿਆ। ਇਸ ਮੁਹਿੰਮ ਦੀ ਅਗਵਾਈ ਮੁੱਖ ਖੇਤੀਬਾੜੀ ਅਫਸਰ (ਪਠਾਨਕੋਟ) ਡਾ. ਅਮਰੀਕ ਸਿੰਘ ਨੇ ਕੀਤੀ। ਇਸ ਮੁਹਿੰਮ ਨੂੰ ਕਾਮਯਾਬ ਕਰਨ ਵਿੱਚ ਖੇਤੀਬਾੜੀ ਵਿਕਾਸ ਅਫਸਰ ਡਾ. ਪ੍ਰਿਤਪਾਲ ਸਿੰਘ, ਡਾ. ਸੁਖਪ੍ਰੀਤ ਸਿੰਘ, ਡਾ. ਅਰਜੁਨ ਸਿੰਘ ਖੇਤੀਬਾੜੀ ਵਿਕਾਸ ਅਫਸਰ, ਰਵਿੰਦਰ ਸਿੰਘ, ਅਨੁਪਮ ਡੋਗਰਾ, ਬਨਵਾਰੀ ਲਾਲ ਪਾਂਡੇ, ਨਵੀਨ ਕੁਮਾਰ ਗੁਪਤਾ, ਸੁਖਦੇਵ ਰਾਜ, ਖੇਤੀਬਾੜੀ ਵਿਸਥਾਰ ਅਫਸਰ ਵਿਸ਼ਾਲ ਸ਼ਰਮਾ ਤੇ ਹਰਪ੍ਰੀਤ ਸਿੰਘ ਆਦਿ ਸ਼ਾਮਲ ਸਨ।
ਪਿੰਡ ਨਾਜੋਚੱਕ ਵਿੱਚ ਝੋਨੇ ਦੇ ਖੇਤਾਂ ਵਿੱਚ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਸਾਇੰਸਦਾਨਾਂ ਵੱਲੋਂ ਕੀਤੇ ਗਏ ਅਧਿਐਨ ਅਨੁਸਾਰ ਝੋਨੇ ਦੀ ਫਸਲ ਉੱਪਰ (ਚੀਨ ਦੇ ਵਾਇਰਸ) ਨੇ ਹਮਲਾ ਕੀਤਾ ਹੈ ਜਿਸ ਨਾਲ ਬੂਟੇ ਗਿੱਠੇ ਰਹਿ ਗਏ ਅਤੇ ਜੜ੍ਹਾਂ ਕਮਜ਼ੋਰ ਹੋ ਗਈਆਂ ਹਨ। ਇਸ ਕਾਰਨ ਝੋਨੇ ਦੇ ਬੂਟਿਆਂ ਨੂੰ ਮਿੱਟੀ ਵਿੱਚੋਂ ਖੁਰਾਕੀ ਤੱਤ ਲੋੜੀਂਦੀ ਮਾਤਰਾ ਨਹੀਂ ਮਿਲ ਰਹੇ ਅਤੇ ਫਸਲ ਪੀਲੀ ਪੈ ਗਈ ਹੈ।
ਉਨ੍ਹਾਂ ਕਿਹਾ ਕਿ ਇਸ ਵਾਇਰਸ ਦੀ ਰੋਕਥਾਮ ਦਾ ਕੋਈ ਇਲਾਜ ਨਹੀਂ ਹੈ ਅਤੇ ਇਸ ਵਾਇਰਸ ਨੂੰ ਅਗਾਂਹ ਫੈਲਾਉਣ ਵਿੱਚ ਚਿੱਟੀ ਪਿੱਠ ਵਾਲੇ ਟਿੱਡੇ ਦੀ ਅਹਿਮ ਭੂਮਿਕਾ ਹੁੰਦੀ ਹੈ ਜਿਸ ਦੀ ਰੋਕਥਾਮ ਲਈ ਸਾਇੰਸਦਾਨਾਂ ਵੱਲੋਂ ਕੁਝ ਕੀਟਨਾਸ਼ਕਾਂ ਦੀ ਸਿਫਾਰਿਸ਼ ਕੀਤੀ ਗਈ ਹੈ ਤੇ ਉਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਵੇ।