ਪੱਤਰ ਪ੍ਰੇਰਕ
ਪਠਾਨਕੋਟ, 12 ਅਗਸਤ
ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਰੇਲਾਂ ਵਿੱਚ ਵਧਣ ਵਾਲੀ ਭੀੜ ਘੱਟ ਕਰਨ ਦੇ ਉਦੇਸ਼ ਨਾਲ ਰੇਲਵੇ ਨੇ ਦਿੱਲੀ-ਕੱਟੜਾ ਲਈ ਦੋ ਨਵੀਆਂ ਵਿਸ਼ੇਸ਼ ਰੇਲ ਗੱਡੀਆਂ ਸ਼ੁਰੂ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਇਸ ਤੋਂ ਬਾਅਦ ਰੇਲਾਂ ਦੀ ਬੁਕਿੰਗ ਸ਼ੁਰੂ ਹੋ ਗਈ ਹੈ।
ਰੇਲਵੇ ਵੱਲੋਂ ਮਾਤਾ ਵੈਸ਼ਨੋ ਦੇਵੀ ਕੱਟੜਾ-ਨਵੀਂ ਦਿੱਲੀ ਅਤੇ ਨਵੀਂ ਦਿੱਲੀ-ਮਾਤਾ ਵੈਸ਼ਨੋ ਦੇਵੀ ਕੱਟੜਾ 2 ਨਵੀਆਂ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਇਸ ਵਿੱਚ ਇੱਕ ਰੇਲ ਗੱਡੀ 11 ਅਗਸਤ ਦਿਨ ਵੀਰਵਾਰ ਤੋਂ ਸ਼ੁਰੂ ਹੋ ਗਈ ਹੈ ਜਦ ਕਿ ਦੂਸਰੀ 14 ਅਗਸਤ ਤੋਂ ਚੱਲੇਗੀ।
ਨਵੀਂਆਂ ਰੇਲ ਗੱਡੀਆਂ ਸ਼ੁਰੂ ਹੋਣ ਬਾਅਦ ਇੱਥੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਰਾਹਤ ਮਿਲੇਗੀ। ਇਸ ਦੇ ਇਲਾਵਾ ਪਠਾਨਕੋਟ ਤੋਂ ਦਿੱਲੀ ਜਾਣ ਵਾਲਿਆਂ ਨੂੰ ਵੀ ਕਾਫੀ ਲਾਭ ਹੋਵੇਗਾ। ਲੰਬੀ ਦੂਰੀ ਦੀਆਂ ਹੋਰ ਰੇਲ ਗੱਡੀਆਂ ਵਿੱਚ ਅਕਸਰ ਸਥਾਨਕ ਲੋਕਾਂ ਨੂੰ ਪ੍ਰੇਸ਼ਾਨੀਆਂ ਪੇਸ਼ ਆਉਂਦੀਆਂ ਹਨ ਪਰ ਨਵੀਆਂ ਦੋਨੋਂ ਰੇਲ ਗੱਡੀਆਂ ਸ਼ੁਰੂ ਹੋਣ ਬਾਅਦ ਪਠਾਨਕੋਟ ਅਤੇ ਆਸ-ਪਾਸ ਦੇ ਖੇਤਰ ਦੇ ਲੋਕਾਂ ਨੂੰ ਰਾਹਤ ਮਿਲੇਗੀ।
ਪਠਾਨਕੋਟ ਰੇਲਵੇ ਦੇ ਅਧਿਕਾਰੀ ਨੇ ਦੱਸਿਆ ਕਿ ਬੜੌਦਾ ਹਾਊਸ ਨਵੀਂ ਦਿੱਲੀ ਦੇ ਨਿਰਦੇਸ਼ਾਂ ਅਨੁਸਾਰ ਕੱਟੜਾ-ਦਿੱਲੀ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਤਹਿਤ ਇੱਕ ਸ਼ੁੱਕਰਵਾਰ ਅਤੇ ਦੂਸਰੀ ਐਤਵਾਰ ਨੂੰ ਸ਼ੁਰੂ ਹੋਵੇਗੀ।