ਗੁਰਬਖਸ਼ਪੁਰੀ
ਤਰਨ ਤਾਰਨ, 6 ਅਗਸਤ
ਕੰਗ ਖੁਰਦ ਪਿੰਡ ਦੇ ਖਪਤਕਾਰਾਂ ਦੇ ਬਿਜਲੀ ਮੀਟਰ ਘਰਾਂ ਤੋਂ ਬਾਹਰ ਕੱਢਣ ਗਈ ਟੀਮ ਨੂੰ ਲੋਕਾਂ ਦੇ ਵਿਰੋਧ ਕਾਰਨ ਬੇਰੰਗ ਪਰਤਣਾ ਪਿਆ। ਪਾਵਰਕੌਮ ਦੀ ਇਹ ਟੀਮ ਇੱਥੋਂ ਦੇ ਉਪ ਮੰਡਲ ਫੋਕਲ ਪੁਆਇੰਟ ਤੋਂ ਗਈ ਸੀ। ਉਪ ਮੰਡਲ ਇੰਜਨੀਅਰ (ਐੱਸਡੀਓ) ਹਰਦੀਪ ਸਿੰਘ ਨੇ ਦੱਸਿਆ ਕਿ ਉਹ ਇਲਾਕੇ ਦੇ ਰੈਸੀਆਨਾ ਦੇ ਖਪਤਕਾਰਾਂ ਦੇ ਘਰਾਂ ਦੇ ਬਿਜਲੀ ਦੇ ਮੀਟਰ ਬਾਹਰ ਕੱਢ ਕੇ ਜਿਵੇਂ ਹੀ ਅਗਲੇ ਪਿੰਡ ਕੰਗ ਖੁਰਦ ਗਏ ਤਾਂ ਉਨ੍ਹਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸ਼ਹੀਦ ਬਾਬਾ ਬਕਾਲਾ ਸਿੰਘ ਜੀ ਕੰਗ ਜ਼ੋਨ ਇਕਾਈ ਦੇ ਪ੍ਰਧਾਨ ਹਰਬਰਿੰਦਰਜੀਤ ਸਿੰਘ ਕੰਗ ਨੇ ਦੱਸਿਆ ਕਿ ਲੋਕਾਂ ਨੇ ਸਰਕਾਰ ਵੱਲੋਂ ਲੋਕਾਂ ਨੂੰ ਜ਼ੀਰੋ ਬਿੱਲ ਭੇਜਣ ਦਾ ਵਿਸ਼ਵਾਸ ਦਿੱਤਾ ਸੀ ਜਿਸ ਕਰਕੇ ਉਹ ਆਪਣੀ ਇਸ ਮੰਗ ਦੇ ਲਾਗੂ ਕੀਤੇ ਜਾਣ ਤੱਕ ਪਾਵਰਕੌਮ ਦੇ ਅਧਿਕਾਰੀਆਂ ਨੂੰ ਮੀਟਰ ਬਾਹਰ ਨਹੀਂ ਕੱਢਣ ਦੇਣਗੇ| ਪਿੰਡ ਦੇ ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਘਰਾਂ ਦੇ ਮੀਟਰ ਬਾਹਰ ਕੱਢਣ ਤੋਂ ਪਹਿਲਾਂ ਡਿਸਪਲੇਅ ਮੀਟਰ ਉਨ੍ਹਾਂ ਦੇ ਘਰਾਂ ਦੀ ਚਾਰਦੀਵਾਰੀ ਦੇ ਅੰਦਰ ਲਗਾਏ ਜਾਣ। ਐੱਸਡੀਓ ਹਰਦੀਪ ਸਿੰਘ ਨੇ ਕਿਹਾ ਕਿ ਲੋਕਾਂ ਦੇ ਵਿਰੋਧ ਕਰਕੇ ਉਹ ਆਪਣਾ ਕੰਮ ਕੀਤੇ ਬਿਨਾਂ ਹੀ ਵਾਪਸ ਆ ਗਏ| ਇਸ ਮੌਕੇ ਇਕਬਾਲ ਸਿੰਘ ਵੜਿੰਗ, ਤਰਸੇਮ ਸਿੰਘ, ਭਗਵਾਨ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਤੇ ਨੰਬਰਦਾਰ ਲਖਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ|