ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 1 ਅਕਤੂਬਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਗੁਰਦਾਸਪੁਰ ਡਾ. ਕੰਵਲਪ੍ਰੀਤ ਸਿੰਘ ਦੇ ਪ੍ਰਬੰਧਾਂ ਹੇਠ ਅੱਜ ਧਾਰੀਵਾਲ ਦੀ ਦਾਣਾ ਮੰਡੀ ਵਿੱਚ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ। ਮੇਲੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਪਹੁੰਚਣਾ ਸੀ ਪਰ ਵਿਧਾਨ ਸਭਾ ਸੈਸ਼ਨ ਕਰ ਕੇ ਉਨ੍ਹਾਂ ਆਉਣਾ ਰੱਦ ਕਰ ਦਿੱਤਾ। ਇਸ ਮੌਕੇ ਮੰਤਰੀ ਦਾ ਵਿਰੋਧ ਕਰਨ ਲਈ ਸਾਬਕਾ ਸੈਨਿਕ ਸਿਰਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਅਤੇ ਹੱਥਾਂ ਵਿੱਚ ਝੰਡੀਆਂ ਫੜ ਕੇ ਸਵੇਰੇ ਤੋਂ ਹੀ ਤਿਆਰ ਖੜ੍ਹੇ ਸਨ। ਬ੍ਰਿਗੇਡੀਅਰ ਗੁਰਦਰਸ਼ਨ ਸਿੰਘ ਕਾਹਲੋਂ ਜੀਓਜੀ ਹੈੱਡ ਜ਼ਿਲ੍ਹਾ ਗੁਰਦਾਸਪੁਰ, ਕਰਨਲ ਦਿਲਬਾਗ ਸਿੰਘ ਕਾਹਲੋਂ ਉੱਪ ਜ਼ਿਲ੍ਹਾ ਹੈੱਡ ਅਤੇ ਕਰਨਲ ਅਮਰਜੀਤ ਸਿੰਘ ਭੁੱਲਰ ਤਹਿਸੀਲ ਹੈਂਡ ਗੁਰਦਾਸਪੁਰ ਦੀ ਅਗਾਵਾਈ ਹੇਠ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ ਅਤੇ ਹੁਸ਼ਿਆਰਪੁਰ ਤੋਂ ਖੁਸ਼ਹਾਲੀ ਦੇ ਰਾਖੇ (ਜੀਓਜੀ) ਵੱਡੀ ਗਿਣਤੀ ਵਿੱਚ ਦਾਣਾ ਮੰਡੀ ਦੇ ਦੋ ਮੁੱਖ ਗੇਟਾਂ ’ਤੇ ਖੜ੍ਹੇ ਹੋ ਰਹੇ। ਉਨ੍ਹਾਂ ਕਿਸਾਨਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੇਲੇ ਅੰਦਰ ਜਾਣ ਦਿੱਤਾ ਪਰ ਜਦੋਂ ‘ਆਪ’ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਮੇਲੇ ਵਿੱਚ ਆਏ ਤਾਂ ਜੀਓਜੀ ਨੇ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਦਿਆਂ ਉਨ੍ਹਾਂ ਨੂੰ ਘੇਰ ਲਿਆ। ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਪੁਲੀਸ ਗੱਡੀ ਵੀ ਰੋਕ ਲਈ।
ਇਸ ਦੌਰਾਨ ਸ੍ਰੀ ਸੇਖਵਾਂ ਅਤੇ ਸ੍ਰੀ ਬਹਿਲ ਇੱਕ ਛੋਟੇ ਜਿਹੇ ਰਸਤੇ ਰਾਹੀਂ ਦੌੜ ਕੇ ਦਾਣਾ ਮੰਡੀ ਅੰਦਰ ਵੜ ਗਏ ਤਾਂ ਜੀਓਜੀ ਜਵਾਨ ਵੀ ਪਿੱਛੇ ਕਾਲੀਆਂ ਝੰਡੀਆਂ ਲੈ ਕੇ ਦੌੜੇ। ਜੀਓਜੀ ਜਵਾਨਾਂ ਨੇ ਕਿਹਾ ਪੰਜਾਬ ਅੰਦਰ ਹਰ ਥਾਂ ’ਤੇ ‘ਆਪ’ ਦੇ ਮੰਤਰੀਆਂ ਤੇ ਵਿਧਾਇਕਾਂ ਦਾ ਵਿਰੋਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ’ਚ ਚੋਣਾਂ ਦੌਰਾਨ ‘ਆਪ’ ਦਾ ਵਿਰੋਧ ਕੀਤਾ ਜਾਵੇਗਾ।
ਕਿਸਾਨ ਮੇਲੇ ਨੂੰ ਡੀਸੀ ਗੁਰਦਾਸਪੁਰ ਮੁਹੰਮਦ ਇਸ਼ਫਾਕ, ਜਗਰੂਪ ਸਿੰਘ ਸੇਖਵਾਂ, ਰਮਨ ਬਹਿਲ ਆਦਿ ਸਣੇ ਖੇਤੀ ਮਾਹਿਰਾਂ ਨੇ ਸੰਬੋਧਨ ਕੀਤਾ। ਮੇਲੇ ਵਿੱਚ ਵੱਖ ਵੱਖ ਵਿਭਾਗਾਂ ਅਤੇ ਸੈੱਲਫ ਹੈੱਲਪ ਗਰੁੱਪਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।