ਹਰਜੀਤ ਸਿੰਘ ਪਰਮਾਰ
ਬਟਾਲਾ, 2 ਜੂਨ
ਬਟਾਲਾ ਦੇ ਮੁਰਗੀ ਮੁਹੱਲਾ ਵਿੱਚ ਅਲਮਾਰੀ ਵਿੱਚੋਂ ਕੱਪੜੇ ਕੱਢਦਿਆਂ ਡਿੱਗੇ ਰਿਵਾਲਵਰ ਵਿੱਚੋਂ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਗੋਲੀ ਉਕਤ ਵਿਅਕਤੀ ਦੀ ਖੱਬੀ ਲੱਤ ਵਿੱਚੋਂ ਪਾਰ ਹੋ ਗਈ।
ਇਲਾਜ ਕਰ ਰਹੇ ਡਾਕਟਰਾਂ ਅਨੁਸਾਰ ਜ਼ਖ਼ਮੀ ਹਾਲਤ ਖ਼ਤਰੇ ਤੋਂ ਬਾਹਰ ਹੈ। ਜ਼ਖਮੀ ਦੀ ਪਛਾਣ ਸ਼ਕਤੀ ਗਿਰੀ ਪੁੱਤਰ ਧਰਮਪਾਲ ਵਾਸੀ ਮੁਰਗੀ ਮੁਹੱਲਾ ਬਟਾਲਾ ਵਜੋਂ ਹੋਈ ਹੈ। ਘਟਨਾ ਵੀਰਵਾਰ ਸ਼ਾਮ ਦੀ ਹੈ।
ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸ਼ਕਤੀ ਗਿਰੀ ਨੇ ਦੱਸਿਆ ਕਿ ਉਹ ਗਿਰੀ ਸਮਾਜ ਪੰਜਾਬ ਦਾ ਪ੍ਰਧਾਨ ਹੈ ਅਤੇ ਉਸ ਕੋਲ ਆਪਣਾ 32 ਬੋਰ ਦਾ ਲਾਇਸੈਂਸੀ ਰਿਵਾਲਵਰ ਹੈ। ਉਸ ਨੇ ਦੱਸਿਆ ਕਿ ਦੁਪਹਿਰ ਕਰੀਬ ਡੇਢ ਵਜੇ ਉਹ ਆਪਣੀ ਅਲਮਾਰੀ ਵਿੱਚੋਂ ਕੱਪੜੇ ਕੱਢ ਰਿਹਾ ਸੀ ਕਿ ਅਲਮਾਰੀ ਵਿੱਚ ਰੱਖਿਆ ਰਿਵਾਲਵਰ ਅਚਾਨਕ ਡਿੱਗ ਗਿਆ ਤੇ ਡਿੱਗਣ ਕਾਰਨ ਉਸ ਵਿੱਚੋਂ ਗੋਲੀ ਚੱਲ ਗਈ ਜੋ ਉਸ ਦੀ ਖੱਬੀ ਲੱਤ ’ਚੋਂ ਪਾਰ ਹੋ ਗਈ। ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲੀਸ ਚੌਕੀ ਸਿੰਬਲ ਚੌਕ ਦੇ ਇੰਚਾਰਜ ਏਐੱਸਆਈ ਅਸ਼ੋਕ ਕੁਮਾਰ ਘਟਨਾ ਸਥਾਨ ਦਾ ਮੌਕਾ ਕੀਤਾ ਅਤੇ ਹਸਪਤਾਲ ਜਾ ਕੇ ਜ਼ਖਮੀ ਦੇ ਬਿਆਨ ਲਏ।