ਪਾਲ ਸਿੰਘ ਨੌਲੀ
ਜਲੰਧਰ, 29 ਜਨਵਰੀ
ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਸਿੱਖਿਆ ਮੰਤਰੀ ਪਰਗਟ ਸਿੰਘ, ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਤੇ ਆਮ ਆਦਮੀ ਪਾਰਟੀ ਦੇ ਬਲਕਾਰ ਸਿੰਘ ਸਮੇਤ 28 ਜਣਿਆਂ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ। ਹਾਲਾਂਕਿ ਨਾਮਜ਼ਦਗੀ ਭਰਨ ਸਮੇਂ ਆਪਣੇ ਨਾਲ ਪੰਜ ਤੋਂ ਵੱਧ ਸਮਰਥਕ ਲਿਆਉਣ ’ਤੇ ਚੋਣ ਕਮਿਸ਼ਨ ਨੇ ਰੋਕ ਲਾਈ ਹੋਈ ਹੈ। ਇਨ੍ਹਾਂ ਆਗੂਆਂ ਨਾਲ ਕਾਫੀ ਬੰਦੇ ਆਏ ਹੋਏ ਸਨ ਪਰ ਦਫਤਰ ਦੇ ਅੰਦਰ ਗਿਣਤੀ ਦੇ ਹੀ ਪਾਰਟੀ ਸਮਰਥਕ ਗਏ। ਨਾਮਜ਼ਦਗੀ ਪੱਤਰ ਭਰਨ ਲਈ ਹੁਣ ਸਿਰਫ ਦੋ ਦਿਨ ਹੀ ਬਾਕੀ ਬਚੇ ਹਨ। ਭਲਕੇ ਐਤਵਾਰ ਨੂੰ ਛੁੱਟੀ ਹੋਣ ਕਰਕੇ ਨਾਮਜ਼ਦਗੀਆਂ ਨਹੀਂ ਹੋਣਗੀਆਂ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਏ 28 ਨਾਮਜ਼ਦਗੀ ਪੱਤਰਾਂ ਸਮੇਤ ਹੁਣ ਤੱਕ ਜ਼ਿਲ੍ਹੇ ਵਿੱਚ ਪ੍ਰਾਪਤ ਹੋਈਆਂ ਕੁੱਲ ਨਾਮਜ਼ਦਗੀਆਂ ਦੀ ਗਿਣਤੀ 46 ਹੋ ਗਈ ਹੈ। ਅੱਜ ਜਲੰਧਰ ਪੱਛਮੀ ’ਚ 1, ਜਲੰਧਰ ਕੇਂਦਰੀ ’ਚ 2, ਜਲੰਧਰ ਉੱਤਰੀ ’ਚ 4, ਜਲੰਧਰ ਛਾਉਣੀ ’ਚ 6, ਫਿਲੌਰ ਵਿਧਾਨ ਸਭਾ ਹਲਕੇ ਵਿੱਚ 5, ਨਕੋਦਰ ’ਚ 2, ਸ਼ਾਹਕੋਟ ’ਚ 4, ਕਰਤਾਰਪੁਰ ’ਚ 2 ਅਤੇ ਆਦਮਪੁਰ ’ਚ 2 ਨਾਮਜ਼ਦਗੀਆਂ ਦਾਖਲ ਹੋਈਆਂ। ਇਨ੍ਹਾਂ ਵਿਚ ਜਲੰਧਰ ਛਾਉਣੀ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਪਰਗਟ ਸਿੰਘ ਪੁਆਰ ਅਤੇ ਬਰਿੰਦਰਪ੍ਰੀਤ ਪੁਆਰ, ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਗੁਰਮੁੱਖ ਸਿੰਘ, ਆਮ ਆਦਮੀ ਪਾਰਟੀ ਵੱਲੋਂ ਸੁਰਿੰਦਰ ਸਿੰਘ ਸ਼ੋਕਰ ਤੇ ਰਾਜਵਰਿੰਦਰ ਕੌਰ ਅਤੇ ਸਤਨਾਮ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ। ਜਲੰਧਰ ਕੇਂਦਰੀ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਅਤੇ ਆਮ ਆਦਮੀ ਪਾਰਟੀ ਵੱਲੋਂ ਰਮਨ ਅਰੋੜਾ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ। ਇਸੇ ਤਰ੍ਹਾਂ ਜਲੰਧਰ ਪੱਛਮੀ ਵਿੱਚ ਬੇਗਮਪੁਰਾ ਸਾਂਝਾ ਫਰੰਟ ਵੱਲੋਂ ਨੀਲਮ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਜਲੰਧਰ ਉੱਤਰੀ ਹਲਕੇ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਕੁਲਦੀਪ ਸਿੰਘ ਲੁਬਾਣਾ ਅਤੇ ਬਲਜਿੰਦਰ ਕੌਰ, ਇੰਡੀਅਨ ਨੈਸ਼ਨਲ ਕਾਂਗਰਸ ਦੇ ਅਵਤਾਰ ਸਿੰਘ ਹੈਨਰੀ ਤੇ ਹਰਸਿਰਤ ਕੌਰ ਨੇ ਕਾਗਜ਼ ਦਾਖਲ ਕੀਤੇ।
ਵਿਧਾਨ ਸਭਾ ਹਲਕਾ ਫਿਲੌਰ ਵਿੱਚ ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕ੍ਰੇਟਿਕ) ਵੱਲੋਂ ਮੁਲਖ ਰਾਜ, ਨੈਸ਼ਨੇਲਿਸਟ ਜਸਟਿਸ ਪਾਰਟੀ ਵੱਲੋਂ ਰੌਣਕੀ ਰਾਮ, ਆਮ ਆਦਮੀ ਪਾਰਟੀ ਵੱਲੋਂ ਪ੍ਰੇਮ ਕੁਮਾਰ ਅਤੇ ਕੁਲਵਿੰਦਰ ਕੁਮਾਰੀ, ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਸੁਰਜੀਤ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਨਕੋਦਰ ਵਿੱਚ ਬਹੁਜਨ ਸਮਾਜ ਪਾਰਟੀ (ਅੰਬੇਡਕਰ) ਵੱਲੋਂ ਹਰਪ੍ਰੀਤ ਸਿੰਘ ਅਤੇ ਭਾਰਤੀਯ ਜਨ ਜਾਗ੍ਰਿਤੀ ਪਾਰਟੀ ਵੱਲੋਂ ਦਿਲਬਾਗ ਸਿੰਘ ਨੇ ਨਾਮਜ਼ਦਗੀ ਪੱਤਰੀ ਦਾਖਲ ਕੀਤੇ। ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਵੱਲੋਂ ਰਤਨ ਸਿੰਘ ਅਤੇ ਰਣਜੀਤ ਕੌਰ ਨੇ ਪਰਚਾ ਭਰਿਆ। ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਸੁਲੱਖਣ ਸਿੰਘ ਅਤੇ ਪਰਮਜੀਤ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ। ਵਿਧਾਨ ਸਭਾ ਹਲਕਾ ਕਰਤਾਰਪੁਰ ਵਿੱਚ ਆਮ ਆਦਮੀ ਪਾਰਟੀ ਵੱਲੋਂ ਬਲਕਾਰ ਸਿੰਘ ਅਤੇ ਹਰਪ੍ਰੀਤ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਵਿਧਾਨ ਸਭਾ ਹਲਕਾ ਆਦਮਪੁਰ ਤੋਂ ਆਮ ਆਦਮੀ ਪਾਰਟੀ ਵੱਲੋਂ ਜੀਤ ਲਾਲ ਭੱਟੀ ਅਤੇ ਮਨੋਜ ਕੁਮਾਰ ਭੱਟੀ ਨੇ ਨਾਮਜ਼ਦਗੀ ਭਰੀ।
ਅੰਮ੍ਰਿਤਸਰ(ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਭਰਨ ਦੇ ਚਲ ਰਹੇ ਸਿਲਸਿਲੇ ਦੌਰਾਨ ਅੱਜ ਦਸ ਤੋਂ ਵਧ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਹਲਕਾ ਅੰਮ੍ਰਿਤਸਰ ਪੂਰਬੀ ਵਿਚ ਪੰਜਾਬ ਕਾਂਗਰਸ ਵਲੋਂ ਨਵਜੋਤ ਸਿੱਧੂ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਅੰਮ੍ਰਿਤਸਰ ਉਤਰੀ ਤੋਂ ਮਹੇਸ਼ ਕੁਮਾਰ ਵਲੋਂ ਪੀਪਲਜ਼ ਪਾਰਟੀ ਆਫ ਇੰਡੀਆ (ਡੈਮੋਕਰੇਟਿਕ) ਵਲੋ, ਅੰਮ੍ਰਿਤਸਰ ਕੇਂਦਰੀ ਵਿਚੋਂ ਰਮੇਸ਼ ਚੰਦ ਵਲੋਂ ਆਸ ਪੰਜਾਬ ਪਾਰਟੀ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਰਾਜਾਸਾਂਸੀ ਤੋਂ ਆਪ ਉਮੀਦਵਾਰ ਵਜੋਂ ਬਲਦੇਵ ਸਿੰਘ ਅਤੇ ਆਜਾਦ ਉਮੀਦਵਾਰ ਵਜੋਂ ਯਾਦਵਿੰਦਰ ਸਿੰਘ ਨੇ ਨਾਮਜਦਗੀ ਪੱਤਰ ਦਾਖਲ ਕੀਤੇ ਹਨ। ਮਜੀਠਾ ਹਲਕੇ ਤੋਂ ਕੁਲਵੰਤ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਵਜੋਂ , ਜੰਡਿਆਲਾ ਹਲਕੇ ਤੋਂ ਹਰਭਜਨ ਸਿੰਘ ਵਲੋਂ ਆਪ ਦੇ ਉਮੀਦਵਾਰ ਵਜੋਂ , ਬਾਬਾ ਬਕਾਲਾ ਤੋਂ ਸੰਤੋਖ ਸਿੰਘ ਵਲੋਂ ਕਾਂਗਰਸ ਦੇ ਉਮੀਦਵਾਰ ਵਜੋਂ ਅਤੇ ਦਲਬੀਰ ਸਿੰਘ ਤੇ ਮਨਜੀਤ ਕੌਰ (ਕਵਰਿੰਗ ਉਮੀਦਵਾਰ) ਵਲੋਂ ਆਪ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।
ਤਰਨ ਤਾਰਨ(ਪੱਤਰ ਪ੍ਰੇਰਕ): ਜ਼ਿਲ੍ਹਾ ਚੋਣ ਅਧਿਕਾਰੀ-ਕਮ ਜ਼ਿਲ੍ਹਾ ਮਜਿਸਟਰੇਟ ਕੁਲਵੰਤ ਸਿੰਘ ਅੱਜ ਇਥੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਲਈ ਅੱਜ ਜਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਸਬੰਧਤ ਰਿਟਰਨਿੰਗ ਅਧਿਕਾਰੀਆਂ ਕੋਲ 13 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇਸ ਤਹਿਤ ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਵਿਜੈ ਕੁਮਾਰ ਅਤੇ ਰਾਜਦੇਵ ਸਿੰਘ ਬੋਪਾਰਾਏ ਨੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਵਿਧਾਨ ਸਭਾ ਹਲਕਾ ਖੇਮਕਰਨ ਤੋਂ ਸਰਵਨ ਸਿੰਘ ਧੁੰਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ (2 ਸੈੱਟ) ਅਤੇ ਰੇਸ਼ਮ ਸਿੰਘ ਵੱਲੋਂ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ।
ਨਵਾਂਸ਼ਹਿਰ (ਪੱਤਰ ਪ੍ਰੇਰਕ): ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਡਾ.ਨਛੱਤਰਪਾਲ ਵੱਲੋਂ ਅੱਜ ਜ਼ਿਲ੍ਹਾ ਚੋਣ ਅਧਿਕਾਰੀ ਕਮ ਜ਼ਿਲ੍ਹਾ ਮੈਜਿਸਟਰੇਟ ਬਲਜਿੰਦਰ ਸਿੰਘ ਢਿੱਲੋਂ ਪਾਸ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਹਨ। ਇਸ ਮੌਕੇ ਉਨ੍ਹਾਂ ਨਾਲ ਰਣਧੀਰ ਸਿੰਘ ਬੈਨੀਪਾਲ ਇੰਚਾਰਜ ਪੰਜਾਬ ਮਾਮਲੇ, ਜਰਨੈਲ ਸਿੰਘ ਵਾਹਿਦ, ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਅਤੇ ਰਮਨਦੀਪ ਸਿੰਘ ਥਿਆੜਾ ਤੇੇ ਨਾਲ ਬਸਪਾ ਦੇ ਜ਼ਿਲ੍ਹਾ ਪ੍ਧਾਨ ਸਰਬਜੀਤ ਸਿੰਘ ਵੀ ਮੌਜੂਦ ਸਨ।
ਬਲਾਚੌਰ(ਨਿੱਜੀ ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਚੋਣਾਂ ਲਈ ਸ਼ੁਰੂ ਹੋਈ ਨਾਮਜ਼ਦਗੀ ਪ੍ਰਕਿਰਿਆ ਦੇ ਚੌਥੇ ਦਿਨ ਅੱਜ ਬਲਾਚੌਰ ਵਿਧਾਨ ਸਭਾ ਹਲਕੇ ਲਈ ਇੱਕ ਨਾਮਜ਼ਦਗੀ ਪ੍ਰਾਪਤ ਹੋਈ। ਬਲਾਚੌਰ ਦੇ ਰਿਟਰਨਿੰਗ ਅਫ਼ਸਰ ਦੀਪਕ ਰੁਹੇਲਾ ਅਨੁਸਾਰ ਅੱਜ ਬਲਾਚੌਰ ਹਲਕੇ ਲਈ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਹੁਣ ਤੱਕ ਬਲਾਚੌਰ ਵਿਧਾਨ ਸਭਾ ਹਲਕੇ ਲਈ ਕੁੱਲ 3 ਨਾਮਜ਼ਦਗੀਆਂ ਹੋ ਚੁੱਕੀਆਂ ਹਨ।
ਪਠਾਨਕੋਟ ਵਿੱਚ ਅੱਠ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ
ਪਠਾਨਕੋਟ (ਐੱਨਪੀ ਧਵਨ): ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਸਿਟਿੰਗ ਵਿਧਾਇਕ ਅਮਿਤ ਵਿੱਜ ਵੱਲੋਂ ਅੱਜ ਰਿਟਰਨਿੰਗ ਅਧਿਕਾਰੀ ਕਮ ਐਸਡੀਐਮ ਗੁਰਸਿਮਰਨ ਸਿੰਘ ਢਿਲੋਂ ਕੋਲ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ। ਉਨ੍ਹਾਂ ਆਪਣੇ ਭਰਾ ਆਸ਼ੀਸ਼ ਵਿੱਜ ਨੂੰ ਕਵਰਿੰਗ ਉਮੀਦਵਾਰ ਬਣਾਇਆ। ਇਸ ਦੌਰਾਨ ਉਨ੍ਹਾਂ ਦੀ ਮਾਤਾ ਵੀ ਉਨ੍ਹਾਂ ਨਾਲ ਨਾਮਜ਼ਦਗੀ ਪੇਪਰ ਦਾਖਲ ਕਰਨ ਪੁੱਜੇ ਹੋਏ ਸਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਵਿਭੂਤੀ ਸ਼ਰਮਾ ਨੇ ਵੀ ਐਸਡੀਐਮ ਕਮ ਚੋਣ ਰਿਟਰਨਿੰਗ ਅਧਿਕਾਰੀ ਗੁਰਸਿਮਰਨ ਸਿੰਘ ਢਿਲੋਂ ਕੋਲ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਨ੍ਹਾਂ ਆਪਣੇ ਬੇਟੇ ਕਾਰਤਿਕ ਸ਼ਰਮਾ ਨੂੰ ਆਪਣਾ ਕਵਰਿੰਗ ਕੈਂਡੀਡੇਟ ਬਣਾਇਆ ਗਿਆ। ਇਸੇ ਤਰ੍ਹਾਂ ਸੁਜਾਨਪੁਰ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਨਰੇਸ਼ ਪੁਰੀ, ਭਾਜਪਾ ਉਮੀਦਵਾਰ ਠਾਕੁਰ ਦਿਨੇਸ਼ ਸਿੰਘ ਬੱਬੂ, ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਰਾਜ ਕੁਮਾਰ ਗੁਪਤਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਿਤ ਸਿੰਘ ਮੰਟੂ ਨੇ ਸ਼ਾਹਪੁਰਕੰਡੀ ਟਾਊਨਸ਼ਿਪ ਵਿਖੇ ਧਾਰਕਲਾਂ ਦੇ ਐੱਸਡੀਐੱਮ ਕਮ ਰਿਟਰਨਿੰਗ ਅਧਿਕਾਰੀ ਕੋਲ ਆਪਣੇ-ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ।
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 11 ਉਮੀਦਵਾਰਾਂ ਨੇ ਨਾਮਜ਼ਦਗੀ ਭਰੀ
ਹੁਸ਼ਿਆਰਪੁਰ(ਹਰਪ੍ਰੀਤ ਕੌਰ): ਅੱਜ ਨਾਮਜ਼ਦਗੀਆਂ ਦੇ ਚੌਥੇ ਦਿਨ 11 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਵਿਧਾਨ ਸਭਾ ਹਲਕਾ ਮੁਕੇਰੀਆਂ ਤੋਂ ਆਮ ਆਦਮੀ ਪਾਰਟੀ ਦੇ ਗੁਰਧਿਆਨ ਸਿੰਘ ਅਤੇ ਪ੍ਰਭਜੋਤ ਕੌਰ, ਸ਼ਾਮਚੁਰਾਸੀ ਤੋਂ ਰਵਜੋਤ ਸਿੰਘ ਅਤੇ ਗੁਰਨਾਮ ਸਿੰਘ, ਬਸਪਾ ਦੇ ਮਹਿੰਦਰ ਸਿੰਘ, ਹੁਸ਼ਿਆਰਪੁਰ ਤੋਂ ਬਸਪਾ ਦੇ ਵਰਿੰਦਰ ਸਿੰਘ, ਸਰਵ ਸਾਂਝੀ ਪਾਰਟੀ ਦੇ ਨਰੇਸ਼ ਸੱਗੜ ਅਤੇ ਸੰਦੀਪਨੀ ਸੱਗੜ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਓਮ ਪ੍ਰਕਾਸ਼ ਜੱਖੂ, ਚੱਬੇਵਾਲ ਤੋਂ ਸਮਾਜ ਭਲਾਈ ਮੋਰਚਾ (ਅਜ਼ਾਦ) ਦੇ ਦਵਿੰਦਰ ਕੁਮਾਰ ਅਤੇ ਗੜ੍ਹਸ਼ੰਕਰ ਤੋਂ ਭਾਜਪਾ ਦੀ ਨਿਮਿਸ਼ਾ ਮਹਿਤਾ ਨੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ।