ਪੱਤਰ ਪ੍ਰੇਰਕ
ਦਸੂਹਾ, 11 ਸਤੰਬਰ
ਇੱਥੇ ਜੀਟੀਬੀ ਖਾਲਸਾ ਕਾਲਜ (ਬੀਐੱਡ) ਆਫ ਐਜੂਕੇਸ਼ਨ ਦਸੂਹਾ ਵਿੱਚ ਪ੍ਰਿੰਸੀਪਲ ਡਾ. ਵਰਿੰਦਰ ਕੌਰ ਦੀ ਅਗਵਾਈ ਹੇਠ ਸੱਤ ਰੋਜ਼ਾ ਪੋਸ਼ਣ ਹਫ਼ਤਾ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸੇਬ ਅਤੇ ਆਲੂ ਦੇ ਵੱਖ ਵੱਖ ਪਕਵਾਨ ਤਿਆਰ ਕੀਤੇ ਗਏ। ਇਸ ਮੌਕੇ ‘ਮਾਈ ਪਲੇਟ ਮਾਈ ਚੈਂਪੀਅਨ’ ਸਿਰਲੇਖ ਹੇਠ ਵਿਦਿਆਰਥੀਆਂ ਦੇ ਸਲਾਦ ਅਤੇ ਚਾਟ ਬਣਾਉਣ ਦੇ ਕਰਵਾਏ ਗਏ ਮੁਕਾਬਲਿਆਂ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਅਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਹਾਊਸ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਸਰੀਰਕ ਸਿੱਖਿਆ ਅਧਿਆਪਕ ਨਵਜੋਤ ਕੌਰ ਨੇ ਵਿਦਿਆਰਥੀਆਂ ਨੂੰ ਯੋਗਾ ਦੇ ਗੁਰ ਸਿਖਾਏ। ਆਖਰੀ ਦਿਨ ਅਧਿਆਪਕਾਂ ਦੇ ਪੋਸ਼ਕ-ਤੱਤ ਭਰਪੂਰ ਪਕਵਾਨ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ।
ਸੰਤੁਲਿਤ ਭੋਜਨ ਬਾਰੇ ਜਾਗਰੂਕ ਕੀਤਾ
ਪਠਾਨਕੋਟ (ਪੱਤਰ ਪ੍ਰੇਰਕ): ਪਿੰਡ ਮਨਵਾਲ ਵਿੱਚ ਹੈਲਥ ਐਂਡ ਵੈਲਥ ਕਲੱਬ ਵੱਲੋਂ ਪਿੰਡ ਦੀ ਸਰਪੰਚ ਤਾਰਾ ਦੇਵੀ ਦੀ ਅਗਵਾਈ ਹੇਠ ਇੱਕ ਸੈਮੀਨਾਰ ਲਾਇਆ ਗਿਆ, ਜਿਸ ਵਿੱਚ ਪਿੰਡ ਦੀਆਂ ਔਰਤਾਂ ਨੂੰ ਸਰਕਾਰ ਵੱਲੋਂ ਮਨਾਏ ਜਾ ਰਹੇ ਪੋਸ਼ਣ (ਖੁਰਾਕੀ) ਮਹੀਨੇ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਮਿਊਨਿਟੀ ਹੈਲਥ ਅਫਸਰ ਡਾ. ਮੋਹਿਤ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਡਾ. ਮੋਹਿਤ ਕੁਮਾਰ ਨੇ ਕਿਹਾ ਕਿ ਇਸ ਮਹੀਨੇ ਔਰਤਾਂ ਦਾ ਹੀਮੋਗਲੋਬਿਨ ਘੱਟ ਜਾਂਦਾ ਹੈ। ਇਸ ਲਈ ਹਰ ਔਰਤ ਨੂੰ ਸ਼ੁੱਧ ਭੋਜਨ, ਹਰੀਆਂ ਸਬਜ਼ੀਆਂ ਅਤੇ ਫਲ ਆਦਿ ਜ਼ਿਆਦਾ ਮਾਤਰਾ ਵਿੱਚ ਖਾਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਦੇ ਸਰੀਰ ਵਿੱਚ ਖੂਨ ਦੀ ਮਾਤਰਾ ਘੱਟ ਨਾ ਹੋ ਸਕੇ।