ਪੱਤਰ ਪ੍ਰੇਰਕ
ਧਾਰੀਵਾਲ, 6 ਜਨਵਰੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਟਕਸਾਲੀ ਕਾਂਗਰਸੀ ਆਗੂ ਰਾਧਾ ਕ੍ਰਿਸ਼ਨ ਪੁਰੀ ਨੂੰ ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਨਾਮਜ਼ਦ ਕਰਵਾਇਆ ਗਿਆ ਹੈ। ਨਾਮਜ਼ਦਗੀ ਪੱਤਰ ਪੰਜਾਬ ਸਰਕਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਸ਼ਾਖਾ ਮੰਡੀ) ਵੱਲੋਂ ਜਾਰੀ ਕੀਤਾ ਹੈ। ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਪਾਰਟੀ ਹਾਈ ਕਮਾਂਡ ਤੋਂ ਹਰੀ ਝੰਡੀ ਲੈ ਕੇ ਆਪਣੇ ਪਿੱਤਰੀ ਹਲਕਾ ਕਾਦੀਆਂ ਅੰਦਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ। ਜਦਕਿ ਉਨ੍ਹਾਂ (ਪ੍ਰਤਾਪ ਬਾਜਵਾ) ਦੇ ਛੋਟੇ ਭਰਾ ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਵੀ ਇਸੇ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਸਨ, ਜੋ ਟਿਕਟ ਨਾ ਮਿਲਦੀ ਦੇਖ ਕੇ ਇਕ ਹਫਤਾ ਪਹਿਲਾਂ 28 ਦਸੰਬਰ 2021 ਨੂੰ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਜਾਣ ਮਗਰੋਂ ਦੋ ਦਿਨ ਬਾਅਦ ਹੀ ਵਿਧਾਇਕ ਦੇ ਅਤਿ ਨਜ਼ਦੀਕੀ ਮੰਨੇ ਜਾਂਦੇ ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਕੰਵਰ ਪ੍ਰਤਾਪ ਸਿੰਘ ਗਿੱਲ ਵੀ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਕੰਵਰ ਪ੍ਰਤਾਪ ਸਿੰਘ ਗਿੱਲ ਵੱਲੋਂ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਮਨਜ਼ੂਰ ਹੋਣ ਮਗਰੋਂ ਸ੍ਰੀ ਰਾਧਾ ਕ੍ਰਿਸ਼ਨ ਪੁਰੀ ਨੂੰ ਮਾਰਕੀਟ ਕਮੇਟੀ ਧਾਰੀਵਾਲ ਦਾ ਚੇਅਰਮੈਨ ਨਾਮਜ਼ਦ ਕੀਤਾ ਗਿਆ ਹੈ।