ਹਰਸਿਮਰਤਪਾਲ ਬੇਦੀ
ਜੰਡਿਆਲਾ ਗੁਰੂ, 6 ਜਨਵਰੀ
ਇੱਥੇ ਨਿੱਜਰਪੁਰਾ ਟੌਲ ਪਲਾਜ਼ਾ ਤੋਂ ਕਿਸਾਨਾਂ ਵੱਲੋਂ ਆਪਣਾ ਧਰਨਾ ਸਮਾਪਤ ਉਪਰੰਤ ਟੌਲ ਪਲਾਜ਼ਾ ਸ਼ੁਰੂ ਕਰ ਦਿੱਤਾ ਗਿਆ ਅਤੇ ਵਾਹਨਾਂ ਨੂੰ ਟੌਲ ਪਰਚੀ ਕਟਾ ਕੇ ਲੰਘਣਾ ਪਿਆ। ਟੌਲ ਪਲਾਜ਼ਾ ਸ਼ੁਰੂ ਹੋਣ ਤੋਂ ਬਾਅਦ ਟੌਲ ਪਲਾਜ਼ਾ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਦਵਿੰਦਰ ਸਿੰਘ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ 1.40 ਮਿੰਟ ’ਤੇ ਟੌਲ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਉਪਰੰਤ ਹਾਈਵੇਅ ਅਥਾਰਟੀ ਵਾਲਿਆਂ ਨੇ ਟੌਲ ਵਸੂਲਣਾ ਸ਼ੁਰੂ ਕਰ ਦਿੱਤਾ। ਇਸ ਬਾਰੇ ਟੋਲ ਇੰਚਾਰਜ ਦੇਵੀ ਲਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਗਪਗ ਇੱਕ ਡੇਢ ਸਾਲ ਟੌਲ ਸਿਸਟਮ ਬੰਦ ਰਹਿਣ ਉਪਰੰਤ ਅੱਜ ਇਹ ਚਲਾ ਦਿੱਤਾ ਗਿਆ ਹੈ ਜਿਸ ਕਾਰਨ ਸਿਸਟਮ ਵਿੱਚ ਥੋੜ੍ਹੀ ਬਹੁਤ ਪ੍ਰੇਸ਼ਾਨੀ ਆ ਰਹੀ ਹੈ ਜੋ ਇਕ ਅੱਧੇ ਦਿਨ ਵਿੱਚ ਹੀ ਠੀਕ ਕਰ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਗੱਡੀਆਂ ਉੱਪਰ ਆਪਣੇ ਫਾਸਟੈਗ ਜ਼ਰੂਰ ਲਗਵਾ ਲੈਣ ਤਾਂ ਜੋ ਟੌਲ ਤੋਂ ਲੰਘਣ ਲੱਗਿਆਂ ਉਨ੍ਹਾਂ ਦਾ ਸਮਾਂ ਬਚ ਸਕੀ ਅਤੇ ਪ੍ਰੇਸ਼ਾਨੀ ਨਾ ਆਵੇ।