ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 29 ਜੂਨ
ਡਾਕ ਮਹਿਕਮੇ ਵੱਲੋਂ ਲੋਕਾਂ ਦੀ ਸੁਵਿਧਾ ਲਈ ਇੱਥੋਂ ਦੀ ਕਲਾਨੌਰ ਰੋਡ ’ਤੇ ਇੱਕ ਨਵਾਂ ਉਪ ਡਾਕਘਰ ਖੋਲ੍ਹਿਆ ਗਿਆ ਹੈ। ਇਸ ਡਾਕਖ਼ਾਨੇ ਦਾ ਉਦਘਾਟਨ ਮਹਿਕਮੇ ਦੇ ਗੁਰਦਾਸਪੁਰ ਮੰਡਲ ਦੇ ਸੁਪਰਡੈਂਟ ਮਹੇਸ਼ ਚੰਦਰ ਮੀਨਾ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਮੇਂ ਗੁਰਦਾਸਪੁਰ ਵਿੱਚ ਦੋ ਡਾਕਖ਼ਾਨੇ ਸਨ ਅਤੇ ਗਾਹਕਾਂ ਨੂੰ ਲੰਬੀ ਲਾਈਨ ਵਿੱਚ ਲੱਗੇ ਕੇ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ। ਗੁਰਦਾਸਪੁਰ ਸ਼ਹਿਰ ਅਤੇ ਨੇੜਲੇ ਖੇਤਰਾਂ ਦੇ ਲੋਕਾਂ ਨੂੰ ਸੁਵਿਧਾ ਦੇ ਮੱਦੇਨਜ਼ਰ ਉਕਤ ਨਵਾਂ ਉਪ ਡਾਕਘਰ ਖੋਲ੍ਹਿਆ ਗਿਆ ਹੈ ਕਿਉਂਕਿ ਇਸ ਖੇਤਰ ਤੋਂ 26 ਕਿੱਲੋਮੀਟਰ ਦੀ ਦੂਰੀ ਤੱਕ ਕੋਈ ਹੋਰ ਡਾਕਘਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸ ਡਾਕਘਰ ਵਿੱਚ ਸਪੀਡ ਪੋਸਟ, ਕੌਮਾਂਤਰੀ ਸਪੀਡ ਪੋਸਟ, ਰਜਿਸਟਰਡ ਡਾਕ, ਮਨੀ ਆਰਡਰ, ਵੈਸਟਰਨ ਯੂਨੀਅਨ, ਬੱਚਤ ਯੋਜਨਾਵਾਂ, ਇੰਡੀਆ ਪੋਸਟ ਪੇਮੈਂਟ ਬੈਂਕ, ਡਾਕ ਜੀਵਨ ਬੀਮਾ ਅਤੇ ਗੰਗਾ ਜਲ ਦੀ ਵਿਕਰੀ ਦੀਆਂ ਸੁਵਿਧਾਵਾਂ ਮਿਲਣਗੀਆਂ। ਇਸ ਮੌਕੇ ਐੱਸਆਈਡੀ ਇਕਬਾਲ ਸਿੰਘ, ਆਈਪੀ (ਕੋਰਟ) ਗੌਰਵ ਕੋਹਲੀ, ਦਫ਼ਤਰ ਨਿਗਰਾਨ ਨਰਿੰਦਰ ਕੁਮਾਰ, ਮਨਜਿੰਦਰ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਕੌਰ, ਆਂਚਲ ਸ਼ਰਮਾ ਆਦਿ ਮੌਜੂਦ ਸਨ।