ਮਕਬੂਲ ਅਹਿਮਦ
ਕਾਦੀਆਂ, 17 ਅਗਸਤ
ਕੁੱਝ ਦਿਨ ਪਹਿਲਾਂ ਲਾਪਤਾ ਹੋਏ ਇੱਕ ਨੌਜਵਾਨ ਦੀ ਲਾਸ਼ ਕਾਦੀਆਂ ਦੇ ਨੇੜੇ ਸਥਿੱਤ ਨਹਿਰ ’ਚੋਂ ਤੈਰਦੀ ਮਿਲੀ ਹੈ। ਮ੍ਰਿਤਕ ਦੀ ਪਛਾਣ ਸਰਵਣ ਸਿੰਘ ਉਰਫ਼ ਗੁੱਜਰ ਪੁੱਤਰ ਬੀਰ ਸਿੰਘ ਪਿੰਡ ਨਾਥਪੁਰ ਵਜੋਂ ਹੋਈ ਹੈ। ਇਸ ਸਬੰਧ ਚ ਮ੍ਰਿਤਕ ਦੇ ਭਰਾ ਹਰਜੀਤ ਸਿੰਘ ਵਾਸੀ ਨਾਥਪੁਰ ਕਾਦੀਆਂ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਭਰਾ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਦੇ ਭਰਾ ਸਰਵਣ ਸਿੰਘ ਨੇ ਮਰਹੂਮ ਗੁਰਵਿੰਦਰ ਸਿੰਘ ਵਾਸੀ ਔਲਖ ਕਲਾਂ ਹਾਲ ਆਬਾਦ ਗੁਰੂ ਨਾਨਕ ਪੱਤੀ ਨਾਥਪੁਰ ਬਟਾਲਾ ਰੋਡ ਕਾਦੀਆਂ ਦੇ ਘਰ ਮਿਹਨਤ ਮਜ਼ਦੂਰੀ ਲਈ ਜਾਣਾ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਉਹ ਲਗਾਤਾਰ ਉਸ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਕਈ ਕਈ ਦਿਨ ਉਸ ਦੇ ਘਰ ਵੀ ਰਹਿਣ ਲੱਗ ਪਿਆ ਸੀ। ਗੁਰਵਿੰਦਰ ਸਿੰਘ ਦੇ ਦੋ ਵਿਆਹ ਸਨ ਤੇ ਦੂਜੇ ਵਿਆਹ ਤੋਂ ਮਨਪ੍ਰੀਤ ਸਿੰਘ (18 ਸਾਲ) ਦਾ ਲੜਕਾ ਹੈ। ਮਨਪ੍ਰੀਤ ਸਿੰਘ ਆਪਣੀ ਮਤਰੇਈ ਮਾਂ ਨਾਲ ਰਹਿੰਦਾ ਸੀ। ਹਰਜੀਤ ਸਿੰਘ ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਚ ਦੱਸਿਆ ਕਿ ਜਦੋਂ ਉਸ ਦਾ ਭਰਾ ਕਈ ਕਈ ਦਿਨ ਘਰ ਵਾਪਸ ਨਹੀਂ ਆਉਂਦਾ ਸੀ ਤਾਂ ਉਹ ਆਪਣੀ ਪਤਨੀ ਨਾਲ ਜਾ ਕੇ ਭਰਾ ਨੂੰ ਲੈਕੇ ਆਉਂਦੇ ਸਨ। 12 ਅਗਸਤ 2019 ਨੂੰ ਉਹ ਆਪਣੀ ਪਤਨੀ ਨਾਲ ਭਰਾ ਨੂੰ ਲੈਣ ਲਈ ਗਏ ਤੋਂ ਉਥੇ ਮਰਹੂਮ ਗੁਰਵਿੰਦਰ ਸਿੰਘ ਦੀ ਪਹਿਲੀ ਪਤਨੀ ਹਰਜਿੰਦਰ ਕੌਰ ਦੇ ਨਾਲ ਉਸ ਦਾ ਮਤਰੇਆ ਪੁੱਤਰ ਮਨਪ੍ਰੀਤ ਸਿੰਘ ਘਰ ’ਚ ਮੌਜੂਦ ਸਨ। ਪਤਾ ਕਰਨ ’ਤੇ ਉਹ ਉਨ੍ਹਾਂ ਦੇ ਭਰਾ ਬਾਰੇ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ। ਬਾਅਦ ’ਚ ਉਨ੍ਹਾਂ ਨੂੰ ਪਤਾ ਲਗਾ ਕਿ ਹਰਜਿੰਦਰ ਕੌਰ ਨੇ ਮਨਪ੍ਰੀਤ ਸਿੰਘ ਨਾਲ ਰਲਕੇ 11 ਅਗਸਤ ਦੀ ਰਾਤ ਨੂੰ ਉਸ ਦੇ ਭਰਾ ਨੂੰ ਕਤਲ ਕਰਕੇ ਲਾਸ਼ ਨਹਿਰ ’ਚ ਸੁੱਟ ਦਿੱਤੀ। ਇਸ ਸਬੰਧ ਵਿੱਚ ਕਾਦੀਆਂ ਥਾਣਾ ਦੇ ਐੱਸਐੱਚਓ ਬਲਕਾਰ ਸਿੰਘ ਨੇ ਦੱਸਿਆ ਕਿ ਲਾਸ਼ ਬਰਾਮਦ ਹੋਣ ਤੋਂ ਬਾਅਦ ਥਾਣਾ ਕਾਦੀਆਂ ਵਿੱਚ ਹਰਜਿੰਦਰ ਕੌਰ ਅਤੇ ਮਨਪ੍ਰੀਤ ਸਿੰਘ ਦੇ ਵਿਰੁੱਧ ਧਾਰਾ 302, 201 ਅਤੇ 34 ਆਈਪੀਸੀ ਤਹਿਤ ਕੇਸ ਦਰਕ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।