ਨਿੱਜੀ ਪੱਤਰ ਪ੍ਰੇਰਕ
ਬਟਾਲਾ, 29 ਅਕਤੂਬਰ
ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀ ਦੇ ਨਾਲ ਪਸ਼ੂ ਪਾਲਣ ਦਾ ਸਹਾਇਕ ਕਿੱਤਾ ਸ਼ੁਰੂ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰਨ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ (ਡੇਅਰੀ ਫਾਰਮਿੰਗ) ਦਾ ਕਿੱਤਾ ਸ਼ੁਰੂ ਕਰਨ ਵਿੱਚ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਸਿਖਲਾਈ ਅਤੇ ਸਬਸਿਡੀ ’ਤੇ ਕਰਜ਼ੇ ਦਿੱਤੇ ਜਾ ਰਹੇ ਹਨ। ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2 ਤੋਂ 20 ਦੁਧਾਰੂ ਪਸ਼ੂਆਂ ਦੀ ਖਰੀਦ ’ਤੇ ਵੱਧ ਤੋਂ ਵੱਧ 14 ਲੱਖ ਰੁਪਏ ਕਰਜ਼ਾ ਦਿੱਤਾ ਜਾਂਦਾ ਹੈ ਅਤੇ ਇਸ ਵਿੱਚ ਜਨਰਲ ਕੈਟਾਗਰੀ ਦੇ ਪਸ਼ੂ ਪਾਲਕ ਨੂੰ 25 ਫੀਸਦੀ ਜਾਂ 17500 ਰੁਪਏ ਪ੍ਰਤੀ ਪਸ਼ੂ ਸਬਸਿਡੀ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਐੱਸ.ਸੀ./ਐੱਸ.ਟੀ. ਸ਼੍ਰੇਣੀ ਦੇ ਪਸ਼ੂ ਪਾਲਕ ਨੂੰ 33 ਫੀਸਦੀ ਜਾਂ 23,100 ਰੁਪਏ ਪ੍ਰਤੀ ਪਸ਼ੂ ਸਬਸਿਡੀ ਦਾ ਲਾਭ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿੰਗਲ ਰੋਅ ਫੌਡਰ ਹਾਰਵੈਸਟਰ ਦੀ ਖਰੀਦ ’ਤੇ ਸਰਕਾਰ ਵੱਲੋਂ ਜਨਰਲ ਕੈਟਾਗਰੀ ਨੂੰ 50 ਹਜ਼ਾਰ ਰੁਪਏ ਅਤੇ ਐੱਸ.ਸੀ./ਐੱਸ.ਟੀ. ਸ਼੍ਰੇਣੀ ਨੂੰ 63 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ।