ਗੁਰਬਖਸ਼ਪੁਰੀ
ਤਰਨ ਤਾਰਨ, 11 ਅਪਰੈਲ
ਤਰਨ ਤਾਰਨ ਦਾ ਵਿਕਾਸ ਕਰਨ ਲਈ ਕਾਂਗਰਸ ਪਾਰਟੀ ਦੀ ਸਰਕਾਰ ਦੌਰਾਨ ਭੇਜੀਆਂ ਗਰਾਂਟਾਂ ਵਿੱਚ ਵੱਡੇ ਪੱਧਰ ਕੀਤੀਆਂ ਬੇਨਿਯਮੀਆਂ ਦੀ ਸਥਾਨਕ ਸਰਕਾਰਾਂ ਵਿਭਾਗ ਵਲੋਂ ਕੀਤੀ ਪੜਤਾਲ ਵਿੱਚ 10 ਕਰੋੜ ਰੁਪਏ ਤੋਂ ਵੀ ਵਧੇਰੇ ਰਾਸ਼ੀ ਦਾ ਘੁਟਾਲਾ ਸਾਹਮਣੇ ਆਇਆ ਹੈ। ਇਸ ਰਕਮ ਦੇ ਹੋਰ ਵੀ ਵੱਧਣ ਦੀ ਸੰਭਾਵਨਾ ਹੈ| ਇਸ ਸਬੰਧੀ ਵਿਭਾਗ ਦੇ ਡਾਇਰੈਕਟਰ ਵੱਲੋਂ ਨਗਰ ਕੌਂਸਲ ਦੀ ਕਾਰਜ ਸਾਧਕ ਅਧਿਕਾਰੀ ਸ਼ਰਨਜੀਤ ਕੌਰ, ਸੈਨੇਟਰੀ ਇੰਸਪੈਕਟਰ ਰਾਜੀਵ ਕੁਮਾਰ ਅਤੇ ਕਲਰਕ ਨਰਿੰਦਰ ਕੁਮਾਰ ਦੀ ਜਵਾਬ ਤਲਬੀ ਕੀਤੀ ਗਈ ਹੈ|
ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਅੱਜ ਇਥੇ ਸੱਦੀ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੁਲਾਸਾ ਕੀਤਾ ਕਿ ਨਗਰ ਕੌਂਸਲ ਦੇ ਫੰਡਾਂ ਵਿੱਚ ਹੋਏ ਘੁਟਾਲਿਆਂ ਦੀ ਜਾਣਕਾਰੀ ਮਿਲਣ ਦੇ ਤੁਰੰਤ ਬਾਅਦ ਹੀ ਕਸੂਰਵਾਰਾਂ ਨੇ ਉਨ੍ਹਾਂ ਤੱਕ ਪਹੁੰਚ ਕਰਕੇ ਇਵੇਂ-ਕਿਵੇਂ ਮਾਮਲੇ ਠੱਪ ਕਰਨ ਲਈ ਬੇਨਤੀਆਂ ਕੀਤੀਆਂ ਸਨ| ਉਨ੍ਹਾਂ ਦੱਸਿਆ ਕਿ ਵਿਭਾਗ ਦੇ ਚੀਫ ਵਿਜੀਲੈਂਸ ਅਧਿਕਾਰੀ ਰਾਜੀਵ ਸ਼ੇਖੜੀ ਵੱਲੋਂ ਕੀਤੀਆਂ ਬੇਨਿਯਮੀਆਂ ਦੇ ਇਕ ਹਿੱਸੇ ਦੀ ਪੜਤਾਲ ਕਰੀਬ ਇਕ ਹਫ਼ਤਾ ਪਹਿਲਾਂ ਇਥੇ ਆ ਕੇ ਕੀਤੀ ਸੀ ਜਿਸ ਦੀ ਰਿਪੋਰਟ ਦੇ ਅਧਾਰ ’ਤੇ ਹੀ ਵਿਭਾਗ ਦੇ ਡਾਇਰੈਕਟਰ ਵੱਲੋਂ ਨਗਰ ਕੌਂਸਲ ਦੀ ਕਾਰਜ ਸਾਧਕ ਅਧਿਕਾਰੀ ਸਮੇਤ ਤਿੰਨ ਜਣਿਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ| ਵਿਧਾਇਕ ਡਾ. ਸੋਹਲ ਨੇ ਕਿਹਾ ਕਿ ਇਸ ਨਗਰ ਕੌਂਸਲ ਦੇ ਫੰਡਾਂ ਵਿੱਚ ਅਕਾਲੀ ਦਲ ਦੀ ਸਰਕਾਰ ਵੇਲੇ ਦੀਆਂ ਕਥਿਤ ਬੇਨਿਯਮੀਆਂ ਦੀ ਵੀ ਪੜਤਾਲ ਕਰਵਾਈ ਜਾਵੇਗੀ|
ਉਨ੍ਹਾਂ ਦੱਸਿਆ ਕਿ ਪੜਤਾਲ ਸ਼ੁਰੂ ਕੀਤੇ ਜਾਣ ਦੌਰਾਨ ਸ਼ੱਕੀ ਫਰਮਾਂ, ਕੰਪਨੀਆਂ ਆਦਿ ਵਲੋਂ 2 ਅਪਰੈਲ (2022) ਤੱਕ 7. 40 ਕਰੋੜ ਰੁਪਏ ਵਾਪਸ ਜਮ੍ਹਾਂ ਕਰਵਾ ਦਿੱਤੇ ਹਨ|
ਉਨ੍ਹਾਂ ਕਿਹਾ ਕਿ ਫੰਡਾਂ ਵਿੱਚ ਘਪਲਾ ਕਰਨ ਵਿੱਚ ਕਿਸੇ ਵੱਡੇ ਅਹੁਦੇਦਾਰ ਖਿਲਾਫ਼ ਵੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਰਿਹਾ ਜਾਵੇਗਾ| ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸ਼ਨ ਦੇਣ ਲਈ ਵਚਨਬੱੱਧ ਹੈ| ਜ਼ਿਕਰਯੋਗ ਹੈ ਕਿ ਨਗਰ ਕੌਂਸਲ ਤਰਨ ਤਾਰਨ ਦੇ ਵਿਕਾਸ ਕਾਰਜ ਲੰਮੇ ਸਮੇਂ ਤੋਂ ਚਰਚਾ ਵਿੱਚ ਰਹੇ ਹਨ ਅਤੇ ਅਧਿਕਾਰੀਆਂ ਵੱਲ ਉਂਗਲ ਉਠਦੀ ਰਹੀ ਹੈ।