ਰਣਬੀਰ ਮਿੰਟੂ
ਚੇਤਨਪੁਰਾ, 5 ਅਗਸਤ
ਬਲਾਕ ਹਰਸ਼ਾ ਛੀਨਾ ਅਧੀਨ ਆਉਂਦੇ ਪਿੰਡ ਸੰਤੂਨੰਗਲ ਵਿੱਚ ਪੰਜਾਬ ਸਰਕਾਰ ਦੀ ਸਸਤੀ ਆਟਾ ਦਾਲ ਯੋਜਨਾ ਤਹਿਤ ਗਰੀਬ ਲੋਕਾਂ ਨੂੰ ਉੱਲੀ ਲੱਗੀ ਕਣਕ ਵੰਡਣ ਤੋਂ ਖ਼ਫ਼ਾ ਪਿੰਡ ਵਾਸੀਆਂ ਵੱਲੋਂ ਖੁਰਾਕ ਸਪਲਾਈ ਵਿਭਾਗ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਗ੍ਰੰਥੀ ਗੁਰਮੇਜ ਸਿੰਘ ਅਤੇ ਪੰਚ ਜਗਰੂਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਡਿੱਪੂ ਹੋਲਡਰ ਵੱਲੋਂ ਲੋਕਾਂ ਨੂੰ ਇਸ ਵਾਰ ਜੋ ਕਣਕ ਦਿੱਤੀ ਜਾ ਰਹੀ ਹੈ, ਉਸ ਨੂੰ ਉੱਲੀ ਲੱਗੀ ਹੋਈ ਹੈ ਤੇ ਖ਼ਰਾਬ ਹੋਣ ਕਾਰਨ ਉਸ ਵਿੱਚ ਢੇਲੇ ਬੱਝ ਗਏ ਹਨ ਅਤੇ ਕਣਕ ਵਿੱਚ ਸੁੰਡੀਆਂ ਚੱਲ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਕਣਕ ਤਾਂ ਡੰਗਰਾਂ ਦੇ ਖਾਣ ਵਾਲੀ ਵੀ ਨਹੀਂ ਰਹੀ ਪਰ ਸਰਕਾਰ ਵੱਲੋਂ ਲੋਕਾਂ ਨੂੰ ਵੰਡੀ ਜਾ ਰਹੀ ਹੈ ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਸਾਫ਼ ਸੁਥਰੀ ਤੇ ਖਾਣਯੋਗ ਕਣਕ ਮੁਹੱਈਆ ਕਰਵਾਈ ਜਾਵੇ।
ਇਸ ਮੌਕੇ ਪਰਮਜੀਤ ਸਿੰਘ, ਮਨਜੀਤ ਸਿੰਘ, ਸੰਤੋਖ ਸਿੰਘ, ਦਲਬੀਰ ਸਿੰਘ, ਲਵਪ੍ਰੀਤ ਸਿੰਘ ਲਵਲੀ, ਬਿਕਰਮਜੀਤ ਸਿੰਘ, ਸੱਜਣ ਸਿੰਘ ਬੱਲੂ, ਸੁਖਦੇਵ ਸਿੰਘ ਕਾਕਾ, ਹਰਪਾਲ ਸਿੰਘ, ਮਨਦੀਪ ਸਿੰਘ, ਨਿਰਮਲ ਸਿੰਘ, ਹਰਜੀਤ ਸਿੰਘ ਜੱਜ, ਜਗਰੂਪ ਸਿੰਘ ਗੋਨਾ, ਜੱਸਾ, ਤਾਰੀ, ਦਾਲਾ ਆਦਿ ਹਾਜ਼ਰ ਸਨ। ਇਸ ਸਬੰਧੀ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਸੰਯੋਕਤਾ ਨੇ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ।