ਰਈਆ (ਦਵਿੰਦਰ ਸਿੰਘ ਭੰਗੂ): ਝੋਨੇ ਦੀ ਸਰਕਾਰੀ ਖ਼ਰੀਦ ਵਿੱਚ ਸ਼ੈੱਲਰ ਮਾਲਕਾਂ ਤੇ ਮਾਰਕੀਟ ਕਮੇਟੀ ਦੇ ਨਮੀ ਮਾਪਣ ਵਾਲੀ ਮਸ਼ੀਨ ਵਿੱਚ 3 ਫ਼ੀਸਦੀ ਵਧ ਨਮੀ ਦਾ ਮਾਮਲਾ ਕਿਸਾਨਾਂ ਨੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ’ਤੇ ਜਾਂਚ ਕਰਨ ਊੱਤੇ ਮਸ਼ੀਨਾਂ ਵਿਚ ਭਾਰੀ ਫ਼ਰਕ ਪਾਇਆ ਗਿਆ। ਇਸ ਸਬੰਧੀ ਡੀਸੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਨੇ ਦਾਣਾ ਮੰਡੀ ਰਈਆ ਦਾ ਦੌਰਾ ਕਰਨ ਸਮੇਂ ਕਿਹਾ ਕਿ ਝੋਨੇ ਦੀ ਖ਼ਰੀਦ ਵਿੱਚ ਕਿਸੇ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਿਸਾਨਾਂ ਨੇ ਡੀਸੀ ਦੇ ਧਿਆਨ ਵਿੱਚ ਲਿਆਂਦਾ ਕਿ ਮਾਰਕੀਟ ਕਮੇਟੀ ਅਤੇ ਖ਼ਰੀਦਦਾਰਾਂ ਦੀ ਮਸ਼ੀਨ ਵਿੱਚ ਕਾਫ਼ੀ ਫ਼ਰਕ ਪਾਇਆ ਜਾਂਦਾ ਹੈ। ਇਸ ’ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਝੋਨੇ ਦੀ ਨਮੀ ਜਾਂਚਣ ਵਾਲੇ ਯੰਤਰਾਂ ਦੀ ਤੁਰੰਤ ਕੈਲੀਬਰੇਸ਼ਨ ਕਰਵਾਈ ਜਾਵੇ। ਇਸ ਦੌਰਾਨ ਜਾਂਚ ਊਪਰੰਤ ਕਈ ਢੇਰੀਆਂ ਦਾ ਨਿਰੀਖਣ ਕੀਤਾ ਗਿਆ ਜਿਸ ਵਿਚ ਸ਼ੈੱਲਰ ਮਾਲਕਾਂ ਦੇ ਯੰਤਰਾਂ ਦੀ ਰੀਡਿੰਗ ਤਿੰਨ ਫ਼ੀਸਦੀ ਵੱਧ ਦਰਜ ਕੀਤੀ ਗਈ। ਸ਼ੈਲਰ ਮਾਲਕਾਂ ਨੇ ਬਾਹਰੋਂ ਆਏ ਖ਼ਰੀਦਦਾਰਾਂ ਦੇ ਆਰਓ ਰੱਦ ਕਰਨ ਦੀ ਮੰਗ ਕੀਤੀ ਤੇ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ।