ਪੱਤਰ ਪ੍ਰੇਰਕ
ਤਰਨ ਤਾਰਨ, 30 ਅਪਰੈਲ
ਹਲਕਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਸਹਿਕਾਰੀ ਖੇਤਰ ਦੀ ਖੰਡ ਮਿਲ ਸ਼ੇਰੋਂ ਨੂੰ ਮੁੜ ਤੋਂ ਚਾਲੂ ਕਰਨ ਲਈ ਸੂਬੇ ਦੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਕੀਤੀ ਗਈ। ਇਸ ਸਬੰਧੀ ਡਾ. ਸੋਹਲ ਵੱਲੋਂ ਅੱਜ ਕਿਸਾਨਾਂ ਦੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਗਿਆ ਇਸ ਮਿਲ ਨੂੰ ਫਿਰ ਤੋਂ ਚਾਲੂ ਕਰਨ ਲਈ ਸਰਕਾਰੀ ਪੱਧਰ ’ਤੇ ਯਤਨ ਤੇਜ਼ ਕਰ ਦਿੱਤੇ ਗਏ ਹਨ। ਇਹ ਮਿਲ ਬੀਤੇ 18 ਸਾਲਾਂ ਤੋਂ ਬੰਦ ਚਲ ਰਹੀ ਹੈ| ਇਸ ਮਿਲ ਨੂੰ ਚਾਲੂ ਕਰਵਾਉਣ ਲਈ ਇਸ ਤੋਂ ਪਹਿਲਾਂ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵੱਲੋਂ ਵੀ ਲੋਕਾਂ ਅਤੇ ਖਾਸ ਕਰਕੇ ਕਿਸਾਨਾਂ ਨੂੰ ਲਾਰੇ ਲਗਾਏ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਿੱਲ ਨੂੰ ਦੁਬਾਰਾ ਚਾਲੂ ਕਰਨ ਨਾਲ ਇਸ ਖੇਤਰ ਦੇ ਗੰਨਾ ਉਤਪਾਦਕ ਕਿਸਾਨਾਂ ਨੂੰ ਵੱਡੇ ਪੱਧਰ ਤੇ ਫਾਇਦਾ ਹੋਵੇਗਾ। ਇਸ ਨਾਲ ਇੱਥੇ ਹੀ ਈਥਾਨੌਲ ਤਿਆਰ ਕਰਨ ਦਾ ਯੂਨਿਟ ਵੀ ਸਥਾਪਤ ਕੀਤਾ ਜਾ ਸਕਦਾ। ਡਾਕਟਰ ਸੋਹਲ ਨੇ ਦਾਅਵਾ ਕੀਤਾ ਕਿ ਸਹਿਕਾਰਤਾ ਮੰਤਰੀ ਵੱਲੋਂ ਮਿੱਲ ਨੂੰ ਚਾਲੂ ਕਰਨ ਦਾ ਵਿਸ਼ਵਾਸ ਦਿਵਾਇਆ ਹੈ ਅਤੇ ਆਸ ਹੈ ਕਿ ਆਉਦੇ ਕੁਝ ਸਮੇਂ ਵਿਚ ਇਸ ਕਾਰਜ ਯੋਜਨਾ ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।