ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 11 ਸਤੰਬਰ
ਪੁਲੀਸ ਨਾਲ ਲੰਘੇ ਦਿਨੀਂ ਬਦਸਲੂਕੀ ਕਰਨ ਵਾਲੀ ਔਰਤ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਔਰਤ ਦੀ ਪਛਾਣ ਰਾਜਿੰਦਰ ਕੌਰ ਵਾਸੀ ਜੌੜਾ ਛੱਤਰਾਂ (ਗੁਰਦਾਸਪੁਰ) ਵਜੋਂ ਹੋਈ ਹੈ। ਜਿਸ ਕਾਰ ਨੂੰ ਰਾਜਿੰਦਰ ਕੌਰ ਚਲਾ ਰਹੀ ਸੀ, ਜਾਂਚ ਮਗਰੋਂ ਉਸ ਦੀ ਨੰਬਰ ਪਲੇਟ ਵੀ ਜਾਅਲੀ ਪਾਈ ਗਈ ਹੈ। ਦੱਸਣਯੋਗ ਹੈ ਕਿ ਸਹਾਇਕ ਸਬ ਇੰਸਪੈਕਟਰ ਰਮਨ ਲਤਾ ਵੱਲੋਂ ਗੁਰਦਾਸਪੁਰ ਦੇ ਕਾਹਨੂੰਵਾਨ ਚੌਕ ਵਿੱਚ ਕਾਲੇ ਸ਼ੀਸ਼ਿਆਂ ਵਾਲੀ ਕਾਰ ਨੂੰ ਰੋਕਿਆ ਗਿਆ ਸੀ। ਇਸ ਕਾਰ ਨੂੰ ਇੱਕ ਔਰਤ ਚਲਾ ਰਹੀ ਸੀ ਜਿਸ ਨੇ ਪੁਲੀਸ ਵੱਲੋਂ ਕਾਰ ਦੇ ਕਾਗ਼ਜ਼ਾਤ ਮੰਗੇ ਜਾਣ ’ਤੇ ਬਦਸਲੂਕੀ ਕਰਦਿਆਂ ਕਾਰ ਨੂੰ ਅੰਦਰ ਤੋਂ ਲੌਕ ਕਰ ਲਿਆ ਸੀ। ਮਗਰੋਂ ਉਹ ਕੋਈ ਦਸਤਾਵੇਜ਼ ਨਹੀਂ ਦਿਖਾ ਸਕੀ।