ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 13 ਅਪਰੈਲ
ਹਲਕਾ ਕਾਹਨੂੰਵਾਨ ਅਧੀਨ ਪੈਂਦੇ ਛੰਭ ਖੇਤਰ ਦੇ ਪਿੰਡ ਬਾਗੜੀਆਂ ਵਿੱਚ ਸੰਯੁਕਤ ਮੋਰਚਾ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਨਾਲ ਵਿਸ਼ੇਸ਼ ਬੈਠਕ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਸਾਨ ਸੰਘਰਸ਼ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ ਲਈ ਹਾਜ਼ਰ ਲੋਕਾਂ ਨੂੰ ਉਤਸ਼ਾਹਿਤ ਕੀਤਾ। ਇਹ ਜਾਣਕਾਰੀ ਕਿਸਾਨ ਆਗੂ ਸਤਨਾਮ ਸਿੰਘ ਨੇ ਸਾਂਝੀ ਕਰਦਿਆਂ ਦੱਸਿਆ ਕਿ ਕੱਲ੍ਹ ਗੁਰਦਾਸਪੁਰ ਵਿੱਚ ਹੋਈ ਸਰਬ ਸਾਂਝੀ ਕਿਸਾਨ ਪੰਚਾਇਤ ਤੋਂ ਵਾਪਸ ਮੁੜਦੇ ਸਮੇਂ ਉਨ੍ਹਾਂ ਦੇ ਪਿੰਡ ਬਾਗੜੀਆਂ ਵਿੱਚ ਵੱਡੀ ਕਿਸਾਨ ਮੀਟਿੰਗ ਕੀਤੀ। ਇਸ ਸ੍ਰੀ ਚੜੂਨੀ ਨੇ ਮੋਦੀ ਸਰਕਾਰ ਨੂੰ ਝੂਠਿਆਂ ਦੀ ਸਰਕਾਰ ਗਰਦਾਨਦਿਆਂ ਕਿਹਾ ਕਿ ਕਿਸਾਨਾਂ ਨੂੰ ਮੋਦੀ ਸਰਕਾਰ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ। ਦਿੱਲੀ ਦੀਆਂ ਬਰੂੰਹਾਂ ਉੱਤੇ ਚੱਲ ਰਹੇ ਸੰਘਰਸ਼ ਨੂੰ ਮਜ਼ਬੂਤੀ ਨਾਲ ਲੜ ਕੇ ਆਪਣੇ ਹੱਕ ਖ਼ੁਦ ਪ੍ਰਾਪਤ ਕਰਨੇ ਪੈਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਣਕ ਦੀ ਫ਼ਸਲ ਦੀ ਸੰਭਾਲ ਦੇ ਨਾਲ ਨਾਲ ਕਿਸਾਨ ਮੋਰਚੇ ਵਿੱਚ ਵੀ ਪੂਰਾ ਤਾਣ ਲਗਾ ਕੇ ਪਹੁੰਚਣ। ਉਨ੍ਹਾਂ ਨੇ ਕਰੋਨਾ ਮਹਾਂਮਾਰੀ ਨੂੰ ਸੰਸਾਰ ਪੱਧਰੀ ਫਰਾਡ ਦੱਸਦਿਆਂ ਕਿਹਾ ਕਿ ਸਰਕਾਰ ਇਸ ਬਿਮਾਰੀ ਦੀ ਆੜ ਹੇਠ ਆਮ ਲੋਕਾਂ ਨੂੰ ਦਬਾਉਣਾ ਚਾਹੁੰਦੀ ਹੈ ਅਤੇ ਇਸ ਬਿਮਾਰੀ ਪ੍ਰਤੀ ਫੈਲਾਏ ਡਰ ਨੂੰ ਵਰਤ ਕੇ ਕਿਸਾਨ ਸੰਘਰਸ਼ ਉਖਾੜਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਕੋਈ ਬਿਮਾਰੀ ਨਹੀਂ ਹੈ। ਉਨ੍ਹਾਂ ਨੂੰ ਬਿਨਾਂ ਕਿਸੇ ਡਰ ਦੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਡਟ ਕੇ ਵਿਰੋਧ ਜਾਰੀ ਰੱਖਣਾ ਪਾਏਗਾ ਤਾਂ ਜੋ ਦੇਸ਼ ਦੇ ਹਰ ਵਰਗ ਨੂੰ ਨਾਲ ਲੈ ਕੇ ਸਰਕਾਰ ਦੀਆਂ ਨੀਤੀਆਂ ਦਾ ਮੂੰਹ-ਤੋੜ ਜਵਾਬ ਦਿੱਤਾ ਜਾ ਸਕੇ।