ਰਾਜਨ ਮਾਨ
ਮਜੀਠਾ, 7 ਫਰਵਰੀ
ਮਜੀਠੀਆ ਪਤੀ-ਪਤਨੀ ਵੱਲੋਂ ਹਲਕਾ ਮਜੀਠਾ ਦੇ ਦਰਜਨਾਂ ਪਿੰਡਾਂ ਵਿੱਚ ਚੋਣ ਰੈਲੀਆਂ ਕੀਤੀਆਂ ਗਈਆਂ। ਵਿਧਾਨ ਸਭਾ ਹਲਕਾ ਮਜੀਠਾ ਵਿੱਚ ਅੱਜ ਆਪਣੀ ਪਤਨੀ ਗਨੀਵ ਮਜੀਠੀਆ ਦੇ ਹੱਕ ਵਿੱਚ ਬਿਕਰਮ ਮਜੀਠੀਆ ਨੇ ਅੱਧੀ ਦਰਜਨ ਪਿੰਡਾਂ ਵਿੱਚ ਚੋਣ ਰੈਲੀਆਂ ਕੀਤੀਆਂ ਜਦੋਂਕਿ ਉਨ੍ਹਾਂ ਦੀ ਪਤਨੀ ਨੇ ਵੀ ਅੱਧੀ ਦਰਜਨ ਤੋਂ ਵੱਧ ਪਿੰਡਾਂ ਵਿੱਚ ਰੈਲੀਆਂ ਕਰਕੇ ਉਨ੍ਹਾਂ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਉਧਰ, ਕਾਂਗਰਸ ਤੇ ‘ਆਪ’ ਦੇ ਉਮੀਦਵਾਰਾਂ ਵੱਲੋਂ ਵੀ ਹਲਕੇ ਦੇ ਕਈ ਪਿੰਡਾਂ ਵਿੱਚ ਚੋਣ ਰੈਲੀਆਂ ਕਰਕੇ ਲੋਕਾਂ ਤੋਂ ਸਾਥ ਮੰਗਿਆ ਗਿਆ ਹੈ।
ਹਲਕੇ ਅੰਦਰ ਦੋਹਾਂ ਪਤੀ-ਪਤਨੀ ਵੱਲੋਂ ਕਾਂਗਰਸ ਛੱਡ ਕੇ ਆਏ ਕਈ ਵਿਅਕਤੀਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਕਾਂਗਰਸ ਪਾਰਟੀ ਨੂੰ ਮਜੀਠਾ ਹਲਕੇ ਵਿੱਚ ਉਦੋਂ ਵੱਡਾ ਝਟਕਾ ਲੱਗਾ ਜਦੋਂ ਇਸਦੇ 25 ਸਾਲ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਆਗੂ ਨਰਿੰਦਰ ਸਿੰਘ ਟੱਪਰੀਆਂ ਕੱਥੂਨੰਗਲ ਖੁਰਦ ਦੇ 26 ਪਰਿਵਾਰਾਂ ਸਮੇਤ 200 ਤੋਂ ਜ਼ਿਆਦਾ ਸਮਰਥਕਾਂ ਨਾਲ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਵੱਖ ਵੱਖ ਰੈਲੀਆਂ ਨੂੰ ਸੰਬੋਧਨ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਜਿਸ ਤਰੀਕੇ ਮਜੀਠਾ ਹਲਕੇ ਵਿੱਚ ਕਾਂਗਰਸ ਦੇ ਆਗੂ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ। ਇਸ ਤੋਂ ਸਪਸ਼ਟ ਸੰਕੇਤ ਮਿਲ ਰਿਹਾ ਹੈ ਕਿ ਹਲਕੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ।
ਮਜੀਠੀਆ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਕਾਂਗਰਸ ਸਰਕਾਰ ਨੇ ਮਜੀਠਾ ਹਲਕੇ ਵਿੱਚ ਇਕ ਦੁੱਕੀ ਦਾ ਵੀ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੋ ਹਾਲ ਸਾਰੇ ਪੰਜਾਬ ਦਾ ਕਾਂਗਰਸ ਸਰਕਾਰ ਨੇ ਕੀਤਾ, ਉਹ ਸਭ ਦੇ ਸਾਹਮਣੇ ਹੈ। ਸਾਰੇ ਵਿਕਾਸ ਕਾਰਜ ਠੱਪ ਕਰ ਦਿੱਤੇ ਗਏ, ਨੌਕਰੀਆਂ ਬੰਦ ਕਰ ਦਿੱਤੀਆਂ ਗਈਆਂ, ਸ਼ਗਨ ਸਕੀਮ ਤੇ ਬੁਢਾਪਾ ਪੈਨਸ਼ਨ ਦੀ ਰਾਸ਼ੀ ਨਹੀਂ ਦਿੱਤੀ ਗਈ ਤੇ ਕਾਂਗਰਸ ਸਰਕਾਰ ਨੇ ਕਿਸਾਨਾਂ ਦੇ ਪੂਰਨ ਕਰਜ਼ਾ ਮੁਆਫੀ, ਘਰ ਘਰ ਨੌਕਰੀ ਸਮੇਤ ਕੀਤੇ ਹੋਰ ਸਾਰੇ ਵਾਅਦੇ ਵਿਸਾਰ ਦਿੱਤੇ।
ਉਧਰ, ਹਲਕੇ ਦੇ ਪਿੰਡ ਮਹੱਦੀਪੁਰ, ਕੋਟਲਾ ਗੁੱਜਰਾਂ, ਪੰਧੇਰ ਖੁਰਦ, ਪੰਧੇਰ ਕਲਾਂ, ਜੋਹਲ, ਵੀਰਮ ਤੇ ਰੱਖ ਭਗਵਾਂ ਵਿੱਚ ਸੰਬੋਧਨ ਕਰਦਿਆਂ ਗਨੀਵ ਮਜੀਠੀਆ ਨੇ ਕਿਹਾ ਕਿ ਮਜੀਠਾ ਹਲਕੇ ਵਿੱਚ ਔਰਤਾਂ ਦਾ ਸਸ਼ਕਤੀਕਰਨ ਮੇਰੇ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜੋ ਉਹ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ਤੋਂ ਬਾਅਦ ਜ਼ਰੂਰੀ ਪੂਰੀ ਕਰਨਗੇ। ਗਨੀਵ ਕੌਰ ਮਜੀਠੀਆ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਬੇਸ਼ੱਕ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਫਿਰ ਵੀ ਉਹ ਔਰਤਾਂ ਦੇ ਸਸ਼ਕਤੀਕਰਨ ਸਮੇਤ ਹੋਰ ਕਾਰਜ ਜ਼ਰੂਰੀ ਮੁਕੰਮਲ ਕਰਨਗੇ। ਉਨ੍ਹਾਂ ਕਿਹਾ ਕਿ ਜਿਥੇ ਪਹਿਲਾਂ ਬਿਕਰਮ ਸਿੰਘ ਮਜੀਠੀਆ ਇਕੱਲੇ ਮਜੀਠਾ ਹਲਕੇ ਦੇ ਸੇਵਾਦਾਰ ਸੀ ਹੁਣ ਉਹ ਤੇ ਮਜੀਠੀਆ ਦੋਵੇਂ ਰਲ ਕੇ ਮਜੀਠਾ ਹਲਕੇ ਦੀ ਸੇਵਾ ਕਰਨਗੇ।
ਇਸ ਮੌਕੇ ਜੋਧ ਸਿੰਘ ਸਮਰਾ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਭੁੱਲਰ, ਗਗਨਦੀਪ ਭਕਨਾ ਸਿਆਸੀ ਸਕੱਤਰ ਆਦਿ ਹਾਜ਼ਰ ਸਨ।