ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 26 ਅਪਰੈਲ
ਇਤਿਹਾਸਕ ਨਗਰ ਗੋਇੰਦਵਾਲ ਸਾਹਿਬ ਵਿਚ ਸ਼ਰਾਬ ਠੇਕੇਦਾਰਾਂ ਦੀਆਂ ਮਨਮਰਜ਼ੀਆਂ ਵਧ ਗਈਆਂ ਹਨ। ਜੋ ਆਪਣੇ ਨਿੱਜੀ ਫਾਇਦੇ ਲਈ ਨਾਬਾਲਗ ਲੜਕਿਆਂ ਨੂੰ ਵੀ ਸ਼ਰਾਬ ਵੇਚਣ ਤੋਂ ਗੁਰੇਜ਼ ਨਹੀਂ ਕਰ ਰਹੇ। ਉੱਥੇ ਹੀ ਆਬਕਾਰੀ ਵਿਭਾਗ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਸ਼ਰਾਬ ਠੇਕੇਦਾਰ ਆਮ ਲੋਕਾਂ ਕੋਲੋਂ ਮਨਮਰਜ਼ੀ ਦੇ ਭਾਅ ਵਸੂਲ ਰਹੇ ਹਨ।
ਆਬਕਾਰੀ ਵਿਭਾਗ ਦੀ ਸੁਵੱਲੀ ਨਜ਼ਰ ਕਾਰਨ ਇੱਥੋਂ ਦੇ ਸ਼ਰਾਬ ਠੇਕੇਦਾਰ ਪਿਛਲੇ ਕਈ ਮਹੀਨਿਆਂ ਤੋਂ ਆਪਣੀ ਵਿਕਰੀ ਵਧਾਉਣ ਲਈ ਬੱਚਿਆਂ ਨੂੰ ਸ਼ਰਾਬ ਵੇਚ ਕੇ ਆਪਣੀਆਂ ਜੇਬਾਂ ਭਰ ਰਹੇ ਹਨ। ਕਸਬੇ ਦੇ ਬੱਸ ਸਟੈਂਡ ਸਾਹਮਣੇ ਖੁੱਲ੍ਹੇ ਠੇਕੇ ਤੋਂ ਬੱਚਿਆਂ ਨੂੰ ਸ਼ਰਾਬ ਵੇਚਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਸ਼ਰਾਬ ਵੇਚਣ ਵਾਲੇ ਕਰਿੰਦੇ ਆਬਕਾਰੀ ਵਿਭਾਗ ਦੀ ਨੀਤੀ ਨੂੰ ਦਰਕਿਨਾਰ ਕਰਕੇ ਇਨ੍ਹਾਂ ਬੱਚਿਆਂ ਨੂੰ ਠੇਕੇ ਉਪਰ ਹੀ ਗਲਾਸੀ ਸਿਸਟਮ ਨਾਲ ਸ਼ਰਾਬ ਵੇਚਦੇ ਅਕਸਰ ਵੇਖੇ ਜਾ ਸਕਦੇ ਹਨ। ਇਲਾਕੇ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਬੱਚਿਆਂ ਨੂੰ ਸ਼ਰਾਬ ਵੇਚਣ ਵਾਲੇ ਅਤੇ ਆਮ ਲੋਕਾਂ ਤੋਂ ਮਨਮਰਜ਼ੀ ਦੇ ਰੇਟ ਵਸੂਲਣ ਵਾਲੇ ਸ਼ਰਾਬ ਠੇਕੇਦਾਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਮੌਕੇ ’ਤੇ ਨਾਬਾਲਗ ਲੜਕਿਆਂ ਨੂੰ ਸ਼ਰਾਬ ਵੇਚ ਰਹੇ ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਪੱਤਰਕਾਰਾਂ ਨਾਲ ਵੀ ਉਲਝਦੇ ਨਜ਼ਰ ਆਏ ਜੋ ਸ਼ਰਾਬ ਖਰੀਦ ਰਹੇ ਨਾਬਾਲਗ ਲੜਕਿਆਂ ਦੀਆਂ ਫੋਟੋਆਂ ਖਿੱਚਣ ਦਾ ਵਿਰੋਧ ਕਰ ਰਹੇ ਸਨ।
ਬੱਚਿਆਂ ਨੂੰ ਸ਼ਰਾਬ ਵੇਚਣ ਵਾਲੇ ਠੇਕੇਦਾਰਾਂ ’ਤੇ ਹੋਵੇਗੀ ਸਖਤ ਕਾਰਵਾਈ: ਈਟੀਓ
ਈਟੀਓ ਨਵਤੇਜ ਭਾਰਤੀ ਨੇ ਆਖਿਆ ਕਿ ਪੰਜਾਬ ਅੰਦਰ 25 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਸ਼ਰਾਬ ਵੇਚਣੀ ਗੈਰ ਕਾਨੂੰਨੀ ਹੈ। ਜੇਕਰ ਸ਼ਰਾਬ ਠੇਕੇਦਾਰ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ ਤਾਂ ਸਖਤ ਕਾਰਵਾਈ ਤੋਂ ਲਿਹਾਜ਼ ਨਹੀਂ ਹੋਵੇਗਾ। ਮਨਮਰਜ਼ੀ ਦੇ ਰੇਟ ਵਸੂਲਣ ਸਬੰਧੀ ਉਨ੍ਹਾਂ ਸਥਿਤੀ ਸਪੱਸ਼ਟ ਨਹੀਂ ਕੀਤੀ।