ਪੱਤਰ ਪ੍ਰੇਰਕ
ਪਠਾਨਕੋਟ, 17 ਅਗਸਤ
ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਮੁਹਿੰਮ ਤਹਿਤ ਬੀਜਾਂ ਅਤੇ ਕੀਟਨਾਸ਼ਕਾਂ ਦੇ ਸੈਂਪਲਾਂ ਵਿੱਚੋਂ ਦੋ ਬੀਜ ਅਤੇ ਇੱਕ ਕੀਟਨਾਸ਼ਕ ਦਾ ਨਮੂਨਾ ਫੇਲ੍ਹ ਪਾਇਆ ਗਿਆ। ਇਸ ’ਤੇ ਕਾਰਵਾਈ ਕਰਦਿਆਂ ਤਿੰਨਾਂ ਖੇਤੀ ਸਮੱਗਰੀ ਵਿਕਰੇਤਾਵਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।
ਇਸ ਬਾਰੇ ਮੁੱਖ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਸ਼ਾਮ ਖਾਦ ਪੈਸਟੀਸਾਈਡ ਐਂਡ ਸੀਡ ਸਟੋਰ ਕੋਹਲੀਆਂ ਅਤੇ ਪੰਜਾਬ ਖੇਤੀ ਸਟੋਰ ਤਾਰਾਗੜ੍ਹ ਤੋਂ ਡਾ. ਪ੍ਰਿਤਪਾਲ ਸਿੰਘ ਬੀਜ ਇੰਸਪੈਕਟਰ ਵੱਲੋਂ ਝੋਨੇ ਦੇ ਬੀਜ ਦੇ ਨਮੂਨੇ ਭਰੇ ਗਏ ਸਨ। ਇਨ੍ਹਾਂ ਦੀ ਪਰਖ ਕਰਨ ਮਗਰੋਂ ਬੀਜ ਦੀ ਉਗਣ ਸ਼ਕਤੀ ਘੱਟ ਹੋਣ ਕਾਰਨ ਸੈਂਪਲ ਫੇਲ੍ਹ ਪਾਏ ਗਏ। ਇਸੇ ਤਰ੍ਹਾਂ ਤੁਪੜ ਪੈਸਟੀਸਾਈਡ ਸਟੋਰ ਤਲੂਰ (ਫਤਿਹਪੁਰ) ਤੋਂ ਕੀਟਨਾਸ਼ਕ ਦਾ ਨਮੂਨਾ ਭਰਿਆ ਗਿਆ ਜੋ ਪ੍ਰਯੋਗਸ਼ਾਲਾ ਵਿੱਚ ਪਰਖ ਕਰਨ ਮਗਰੋਂ ਫੇਲ੍ਹ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਕਾਰੋਬਾਰੀ ਅਦਾਰਿਆਂ ਤੇ ਗੈਰ ਮਿਆਰੀ ਖੇਤੀ ਸਮਗਰੀ ਵੇਚਣ ਦੇ ਦੋਸ਼ ਤਹਿਤ ਅਤੇ ਸੀਡ ਐਕਟ 1966, ਸੀਡ ਕੰਟਰੋਲ ਆਰਡਰ 1983, ਇੰਸੈਕਟੀਸਾਈਡ ਐਕਟ 1968 ਅਤੇ ਇੰਸੈਕਟੀਸਾਈਡ ਰੂਲ 1971 ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਤਿੰਨਾਂ ਕਾਰੋਬਾਰੀਆ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।