ਦਲਬੀਰ ਸੱਖੋਵਾਲੀਆ
ਬਟਾਲਾ, 19 ਮਈ
ਪੰਜਾਬ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਬਟਾਲਾ ਨੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਬਟਾਲਾ ਸ਼ਹਿਰ ਸਮੇਤ ਸਰਹੱਦੀ ਜ਼ਿਲ੍ਹੇ ਦੀਆਂ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਲਈ ਮੰਗ ਪੱਤਰ ਦਿੱਤਾ। ਸੁਸਾਇਟੀ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿਰਾਸਤੀ ਸ਼ਹਿਰ ਬਟਾਲਾ ਅਤੇ ਦੀਨਾਨਗਰ ਵਿੱਚ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਅਹਿਮ ਇਤਿਹਾਸਕ ਇਮਾਰਤਾਂ ਹਨ, ਪਰ ਦੇਖਭਾਲ ਨਾ ਹੋਣ ਕਾਰਨ ਇਹ ਬੇਸ਼ਕੀਮਤੀ ਖ਼ਜ਼ਾਨਾ ਮਿੱਟੀ ਵਿੱਚ ਮਿਲਦਾ ਜਾ ਰਿਹਾ ਹੈ, ਜਿਨ੍ਹਾਂ ਦੀ ਤੁਰੰਤ ਸੰਭਾਲ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਬਟਾਲਾ ਦੇ ਬੇਰਿੰਗ ਕਾਲਜ ਵਿੱਚ ਸਥਿਤ ਮਹਾਰਾਜਾ ਸ਼ੇਰ ਸਿੰਘ ਦੇ ਇਤਿਹਾਸਕ ਮਹੱਲ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ, ਜਿਸ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਇਸ ਨੂੰ ਮਿਊਜ਼ੀਅਮ ਦੀ ਤਰਜ ’ਤੇ ਵਿਕਸਤ ਕੀਤਾ ਜਾਵੇ। ਹੈਰੀਟੇਜ ਸੁਸਾਇਟੀ ਮੈਂਬਰਾਂ ਨੇ ਵੱਡੇ ਤਲਾਬ ਨੂੰ ਪਾਣੀ ਨਾਲ ਭਰਨ ਦੀ ਮੰਗ ਵੀ ਕੀਤੀ ਹੈ। ਸੁਸਾਇਟੀ ਦੇ ਨੁਮਾਇੰਦੇ ਇੰਦਰਜੀਤ ਸਿੰਘ ਹਰਪੁਰਾ, ਪ੍ਰੋ. ਜਸਬੀਰ ਸਿੰਘ, ਬਲਦੇਵ ਸਿੰਘ ਰੰਧਾਵਾ, ਠੇਕੇਦਾਰ ਕੁਲਵਿੰਦਰ ਸਿੰਘ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਹਰਬਖਸ਼ ਸਿੰਘ, ਸੁਖਦੇਵ ਸਿੰਘ, ਦਲਜੀਤ ਸਿੰਘ ਚੂਹੇਵਾਲ , ਹਰਨੇਕ ਸਿੰਘ ਬੱਲ, ਨੇ ਮੈਂਬਰਾਂ ਨੇ ਮੰਤਰੀ ਨੂੰ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਬਟਾਲਾ ਸ਼ਹਿਰ ਨੂੰ ਦੋ ਵਾਰ ਫ਼ਤਹਿ ਕੀਤਾ ਪਰ ਉਨ੍ਹਾਂ ਦੀ ਕੋਈ ਵੀ ਯਾਦਗਾਰ ਬਟਾਲਾ ਸ਼ਹਿਰ ਵਿੱਚ ਨਹੀਂ । ਇਸ ਮੌਕੇ ਹੋਰ ਮੰਗਾਂ ਦਾ ਵੀ ਜ਼ਿਕਰ ਹੋਇਆ। ਮੰਤਰੀ ਬੈਂਸ ਨੇ ਸੁਸਾਇਟੀ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਉੱਪਰ ਜ਼ਰੂਰ ਗੌਰ ਕੀਤਾ ਜਾਵੇਗਾ।