ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 29 ਜਨਵਰੀ
ਦਿੱਲੀ ਵਿਚ ਕਿਸਾਨ ਮੋਰਚੇ ਦੇ ਚੱਲਦਿਆਂ 29 ਜਨਵਰੀ ਨੂੰ ਸਿੰਘੂ ਬਾਰਡਰ ’ਤੇ ਕਿਸਾਨਾਂ ’ਤੇ ਹਮਲਾ ਕਰਨ ਵਾਲੇ ਭਾਜਪਾ ਸਮਰਥਕਾਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ ਹੈ। ਜਥੇਬੰਦੀ ਵੱਲੋਂ ਵੱਖ-ਵੱਖ 60 ਥਾਵਾਂ ’ਤੇ ਪੁਤਲੇ ਸਾੜ ਕੇ ਰੋਸ ਵਿਖਾਵੇ ਕੀਤੇ ਗਏ। ਆਗੂਆਂ ਨੇ ਮੰਗ ਕੀਤੀ ਕਿ ਜੇਕਰ ਹਮਲਾਵਰ ਪ੍ਰਦੀਪ ਖੱਤਰੀ,ਅਮਨ ਡਬਾਸ ਤੇ ਹੋਰਾਂ ਉੱਤੇ ਤੁਰੰਤ ਪਰਚੇ ਦਰਜ ਕਰਕੇ ਗਿਰਫ਼ਤਾਰ ਨਾ ਕੀਤਾ ਗਿਆ ਤਾਂ ਕਿਸਾਨ ਜਥੇਬੰਦੀ ਇਸ ਖਿਲਾਫ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਕਾਰਕੁਨ ਗੋਲਡਨ ਗੇਟ ਨੇੜੇ ਮੋਦੀ ਸਰਕਾਰ ਖਿਲਾਫ਼ ਪ੍ਰ੍ਰਦਰਸ਼ਨ ਕਰਦੇ ਹੋਏ।
ਟਾਂਡਾ(ਪੱਤਰ ਪ੍ਰੇਰਕ): ਇਥੋਂ ਦੇ ਸਰਕਾਰੀ ਹਸਪਤਾਲ ਚੌਕ ਵਿੱਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਭਾਜਪਾ ਆਗੂ ਪ੍ਰਦੀਪ ਖੱਤਰੀ ਅਤੇ ਅਨਿਲ ਦੀਵਾਨ ਦੇ ਪੁਤਲੇ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ੋਨ ਪ੍ਰਧਾਨ ਟਾਂਡਾ ਪਰਮਜੀਤ ਸਿੰਘ ਭੁੱਲਾ ਦੀ ਅਗਵਾਈ ਵਿੱਚ ਹੋਏ ਰੋਸ ਪ੍ਰਦਰਸ਼ਨ ਦੌਰਾਨ ਜਥੇਬੰਦੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ ਖਿਲਾਫ ਰੋਹ ਭਰੀ ਨਾਅਰੇਬਾਜ਼ੀ ਕੀਤੀ।
ਤਰਨ ਤਾਰਨ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇੱਕ ਸਾਲ ਪਹਿਲਾਂ ਦਿੱਲੀ ਮੋਰਚੇ ’ਤੇ ਰਾਤ ਵੇਲੇ ਹਮਲਾ ਕੀਤੇ ਜਾਣ ਖਿਲਾਫ਼ ਅੱਜ ਜ਼ਿਲ੍ਹੇ ਦੇ ਕਈ ਪਿੰਡਾਂ ਅੰਦਰ ਰੋਸ ਵਿਖਾਵੇ ਕਰਕੇ ਭਾਜਪਾ ਸਰਕਾਰ ਅਤੇ ਆਰਐੱਸਐੱਸ ਦੇ ਪੁਤਲੇ ਫੂਕੇ ਗਏ| ਜਥੇਬੰਦੀ ਵਲੋਂ ਕੌਮੀ ਸ਼ਾਹ ਮਾਰਗ ਦੇ ਪਿੰਡ ਰਸੂਲਪੁਰ ਵਿੱਚ ਆਵਾਜਾਈ ਠੱਪ ਕਰਕੇ ਪੁਤਲਾ ਫੂਕਿਆ| ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ, ਫਤਿਹ ਸਿੰਘ ਪਿੱਦੀ, ਹਰਪ੍ਰੀਤ ਸਿੰਘ ਸਿੱਧਵਾਂ, ਇਕਬਾਲ ਸਿੰਘ ਵੜਿੰਗ ਨੇ ਸੰਬੋਧਨ ਕੀਤਾ|
ਅਟਾਰੀ (ਪੱਤਰ ਪ੍ਰੇਰਕ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਬਾਬਾ ਸੋਹਣ ਸਿੰਘ ਭਕਨਾ ਜ਼ੋਨ ਵੱਲੋਂ ਲਖਵਿੰਦਰ ਸਿੰਘ ਡਾਲਾ, ਰਾਜ ਸਿੰਘ ਤਾਜੇਚੱਕ, ਮੁਖਵਿੰਦਰ ਸਿੰਘ ਕੋਲੋਵਾਲ, ਸਤਨਾਮ ਸਿੰਘ ਭਕਨਾ ਦੀ ਅਗਵਾਈ ਹੇਠ ਅਟਾਰੀ, ਖਾਸਾ, ਭਕਨਾ ਚੌਕ ਤੇ ਬਾਸਰਕੇ ਗਿੱਲਾਂ ਵਿਖੇ ਮੋਦੀ ਸਰਕਾਰ ਤੇ ਉਸ ਦੇ ਚਹੇਤਿਆਂ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ।
ਫਤਿਹਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੁਰਾਣਾ ਬੱਸ ਅੱਡਾ ਫਤਿਹਗੜ੍ਹ ਚੂੜੀਆਂ ਵਿਖੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਗੁਰਦਾਸਪੁਰ(ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਅੰਦੋਲਨ ਦੌਰਾਨ ਸਿੰਘੂ ਬਾਰਡਰ ’ਤੇ ਪਿਛਲੇ ਸਾਲ 29 ਜਨਵਰੀ ਨੂੰ ਕਿਸਾਨਾਂ ਉੱਤੇ ਕਥਿਤ ਜਾਨਲੇਵਾ ਹਮਲੇ ਨੂੰ ਅੱਜ ਇੱਕ ਸਾਲ ਹੋਣ ‘ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਤੇਜਾ ਸਿੰਘ ਸੁਤੰਤਰ ਵੱਲੋਂ ਸਰਹੱਦੀ ਕਸਬਾ ਦੋਰਾਂਗਲਾ ਵਿਖੇ ਮੋਦੀ ਸਰਕਾਰ ਅਤੇ ਭਾਜਪਾ ਦੇ ਆਗੂਆਂ ਅਮਨ ਡਬਾਸ ਤੇ ਪ੍ਰਦੀਪ ਖੱਤਰੀ ਖਿਲਾਫ਼ ਪ੍ਰਦਰਸ਼ਨ ਕੀਤਾ ਅਤੇ ਪੁਤਲੇ ਫੂਕੇ।
ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਭਾਜਪਾ ਦੇ ਪ੍ਰਦੀਪ ਖੱਤਰੀ ਤੇ ਅਮਨ ਡਬਾਸ ਵੱਲੋਂ ਸਿੰਘੂ ਬਾਰਡਰ ਉੱਤੇ ਬੀਤੇ ਸਾਲ 29 ਜਨਵਰੀ ਨੂੰ ਕਿਸਾਨਾਂ ਉੱਤੇ ਕੀਤੇ ਹਮਲੇ ਵਿਰੁੱਧ ਮੋਦੀ ਸਰਕਾਰ ਦੇ ਪੰਜਾਬ ਭਰ ਵਿੱਚ ਪੁਤਲੇ ਫੂਕੇ ਗਏ। ਦੋਸ਼ੀਆਂ ਖ਼ਿਲਾਫ਼ ਪਰਚੇ ਦਰਜ ਕਰਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ। ਇਸੇ ਲੜੀ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਪੁਲ ਸਠਿਆਲੀ ਅਤੇ ਕਸਬਾ ਭੈਣੀ ਮੀਆਂ ਖਾਂ ਵਿੱਚ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ।