ਟ੍ਰਿਬਿਊਨ ਨਿਊਜ਼ ਸਰਵਿਸ/ਪੱਤਰ ਪ੍ਰੇਰਕ
ਅੰਮ੍ਰਿਤਸਰ/ਜੈਂਤੀਪੁਰ, 14 ਨਵੰਬਰ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ 24 ਨਵੰਬਰ ਨੂੰ ਦਿੱਲੀ ਮੋਰਚੇ ਵਿਚ ਸ਼ਮੂਲੀਅਤ ਕਰਨ ਲਈ ਜਥਾ ਭੇਜਣ ਦੀ ਤਿਆਰੀ ਸਬੰਧੀ ਵੱਖ-ਵੱਖ ਥਾਵਾਂ ’ਤੇ ਮੀਟਿੰਗਾਂ ਕੀਤੀਆਂ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਮੋਦੀ ਸਰਕਾਰ ਦੇ ਪੁਤਲੇ ਸਾੜੇ ਗਏ।
ਕਿਸਾਨ-ਮਜ਼ਦੂਰ ਸਘੰਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮਨੰਗਲ ਦੀ ਅਗਵਾਈ ਵਿਚ ਅੱਜ ਜ਼ੋਨ ਮਜੀਠਾ, ਬਾਂਬਾ ਬੁੱਢਾ ਜੀ ਅਤੇ ਜ਼ੋਨ ਕੱਥੂਨੰਗਲ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਇਸ ਵਿੱਚ ਜ਼ੋਨ ਪ੍ਰਧਾਨ ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ ਮੁਖਤਾਰ ਸਿੰਘ ਭੰਗਵਾ ਨੇ ਕਿਹਾ ਕਿ ਜ਼ੋਨਾਂ ਦੇ ਸਾਰੇ ਪਿੰਡਾਂ ਦੀਆਂ ਮੀਟਿੰਗਾਂ ਹੋਣਗੀਆਂ। 15 ਨਵੰਬਰ ਤੋਂ ਸ਼ੁਰੂ ਹੋ ਰਹੀਆਂ ਪਿੰਡਾਂ ਦੀਆਂ ਮੀਟਿੰਗਾਂ ਵਿੱਚ ਵੱਡੇ ਇਕੱਠ ਕਰ ਕੇ ਕਿਸਾਨਾਂ-ਮਜ਼ਦੂਰਾਂ ਤੇ ਬੀਬੀਆਂ ਨੂੰ ਸੰਘਰਸ਼ ਪ੍ਰਤੀ ਲਾਮਬੰਦ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਸਕੱਤਰ ਜਰਮਨਜੀਤ ਸਿੰਘ ਬੰਡਾਲਾ, ਗੁਰਲਾਲ ਸਿੰਘ ਮਾਨ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਦਾ 35ਵਾਂ ਜਥਾ ਦਿੱਲੀ ਰਵਾਨਾ ਹੋਵੇਗਾ। ਇਸ ਵਿਚ ਵੱਡੇ ਪੱਧਰ ’ਤੇ ਟਰੈਕਟਰ ਟਰਾਲੀਆਂ ’ਤੇ ਕਿਸਾਨ-ਮਜ਼ਦੂਰ ਤੇ ਬੀਬੀਆਂ ਦਾ ਵੱਡਾ ਜਥਾ ਦਿੱਲੀ ਮੋਰਚੇ ਨੂੰ ਕੂਚ ਕਰੇਗਾ। ਇਸ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਅੱਜ ਮੀਟਿੰਗ ਤੋਂ ਬਾਅਦ ਮੋਦੀ ਸਰਕਾਰ ਦੇ ਪੁਤਲੇ ਫੂਕੇ ਤੇ ਮੰਗ ਕੀਤੀ ਕਿ ਯੂਪੀ ਦੇ ਲਖੀਮਪੁਰ ਖੀਰੀ ਘਟਨਾ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਕੇ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਮੇਜਰ ਸਿੰਘ, ਹਰਦੀਪ ਸਿੰਘ ਭੰਗਾਲੀ, ਕਾਬਲ ਸਿੰਘ ਵਰਿਆਮ ਨੰਗਲ, ਜਗਜੀਵਨ ਸਿੰਘ ਤਲਵੰਡੀ, ਜੋਗਿੰਦਰ ਸਿੰਘ, ਸਰਬਨਰੰਜਨ ਸਿੰਘ ਦੋਧਾਲਾ, ਹਰਦੀਪ ਸਿੰਘ ਢੱਡੇ, ਅਮਰੀਕ ਸਿੰਘ ਕੋਟਲਾ, ਸਤਨਾਮ ਸਿੰਘ ਮਹਿਣੀਆ, ਅਵਤਾਰ ਸਿੰਘ ਜਹਾਂਗੀਰ, ਕਿਰਪਾਲ ਸਿੰਘ ਕਲੇਰ, ਪ੍ਰਤਾਪ ਸਿੰਘ ਹਮਜ਼ਾ, ਗੁਰਦੀਪ ਸਿੰਘ ਲਾਟੀ ਹਮਜ਼ਾ, ਗੋਪਾਲ ਸਿੰਘ ਕੋਟਲਾ ਸੁਲਤਾਨ ਸਿੰਘ, ਬਲਕਾਰ ਸਿੰਘ ਬੋੜੇਵਾਲ ਹਾਜ਼ਰ ਸਨ।