ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 30 ਨਵੰਬਰ
ਇੱਥੇ ਅੱਜ ਹਲਕਾ ਖਡੂਰ ਸਾਹਿਬ ਵਿੱਚ ਪੁੱਜੇ ਖੇਤੀ ਮੰਤਰੀ ਰਣਦੀਪ ਸਿੰਘ ਨਾਭਾ ਵੱਲੋ ਕਿਸਾਨਾ ਦੀ ਜਿੱਤ ਪਿੱਛੇ ਕਾਂਗਰਸ ਸਰਕਾਰ ਦਾ ਵੱਡਾ ਹੱਥ ਦੱਸਿਆ। ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਵਿੱਚ ਕਰਵਾਈ ਜਨਸਭਾ ਨੂੰ ਸੰਬੋਧਨ ਕਰਦਿਆਂ ਜਿਥੇ ਉਨ੍ਹਾਂ ਕਾਂਗਰਸ ਸਰਕਾਰ ਦੀਆਂ ਉਪਲਬਧੀਆਂ ਦੀ ਸ਼ਲਾਘਾ ਕੀਤੀ, ਉਥੇ ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਸਿੱਖਿਆ ਅਤੇ ਸਿਹਤ ਸੇਵਾਵਾ ਦੇ ਨਾਂ ਹੇਠ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਭਰਮਾਉਣ ਦਾ ਡਰਾਮਾ ਦੱਸਿਆ। ਉਨ੍ਹਾਂ ਦਿੱਲੀ ਮਾਡਲ ਨੂੰ ਫਲਾਪ ਮਾਡਲ ਦੱਸਿਆ।
ਚੋਹਲਾ ਸਾਹਿਬ (ਤੇਜਿੰਦਰ ਸਿੰਘ ਖਾਲਸਾ): ਪੰਜਾਬ ਦੇ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਨਾਲ ਅੱਜ ਜ਼ਿਲ੍ਹਾ ਤਰਨ ਤਾਰਨ ਅਤੇ ਹਲਕਾ ਖਡੂਰ ਸਾਹਿਬ ਦੇ ਇਤਿਹਾਸਕ ਨਗਰ ਚੋਹਲਾ ਸਾਹਿਬ ਵਿੱਚ ਪਹੁੰਚੇ। ਜਿਥੇ ਸਵੇਰੇ ਉਹ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਪੰਜਵੀ ਵਿਖੇ ਨਤਮਸਤਕ ਹੋਏ ਇਸ ਉਪਰੰਤ ਉਨ੍ਹਾਂ ਚੋਹਲਾ ਸਾਹਿਬ ਵਿੱਚ ਨਵੇਂ ਉਸਾਰੇ ਖੇਤੀਬਾੜੀ ਸਿਖਲਾਈ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿਚ ਕਿਸਾਨਾਂ ਦੀ ਸਿਖਲਾਈ ਲਈ ਇੱਕ ਆਧੁਨਿਕ ਵਿਦੇਸ਼ੀ ਮਸ਼ੀਨ ਜਿਸ ਦਾ ਨਾਮ ਆਈਸੀਪੀ ਪਲਾਜਮਾ-7400 ਹੈ, ਲਗਾਈ ਜਾ ਰਹੀ ਹੈ, ਜਿਸ ਦੀ ਕੀਮਤ ਲਗਪਗ 75 ਲੱਖ ਦੇ ਕਰੀਬ ਹੈ, ਜਦੋਂ ਕਿ ਇਸ ਦੇ ਰੱਖ-ਰਖਾਵ ਲਈ 25 ਲੱਖ ਰੁਪਏ ਦੀ ਲਾਗਤ ਨਾਲ ਵਿਸ਼ੇਸ਼ ਹਾਲ ਦਾ ਨਿਰਮਾਣ ਕਰਵਾਇਆ ਜਾ ਚੁੱਕਿਆ ਹੈ, ਅਤੇ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਇਹ ਮਸ਼ੀਨ ਇਥੇ ਲਗਾ ਦਿੱਤੀ ਜਾਵੇਗੀ, ਜਿਸ ਨਾਲ ਇਸ ਇਲਾਕੇ ਦੇ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਮਸ਼ਰੂਮ, ਡੇਅਰੀ ਫਾਰਮਿੰਗ, ਮੱਖੀ ਪਾਲਣ ਆਦਿ ਹੋਰ ਸਹਾਇਕ ਧੰਦਿਆਂ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਹਲਕੇ ਦੇ ਪਿੰਡ ਰੈਸ਼ੀਆਣਾ ਵਿੱਚ ਜ਼ਿਲ੍ਹਾ ਪੱਧਰੀ ਸਮਗਾਮ ਦੌਰਾਨ ਖੇਤੀ ਸੰਦਾਂ ਦੀ ਵੰਡ ਵੀ ਕੀਤੀ ਜਾਵੇਗੀ।
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਸੂਬੇ ਕੋਲ ਦੇਸ਼ ਦੀ ਖੇਤੀਬਾੜੀ ਰਕਬੇ ਵਿੱਚੋਂ ਡੇਢ ਫੀਸਦੀ ਭੂਗੋਲਿਕ ਰਕਬਾ ਹੋਣ ਦੇ ਬਾਵਜੂਦ ਕਿਸਾਨ ਦੇਸ਼ ਦੀ ਕੁੱਲ ਪੈਦਾਵਾਰ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਹਨ। ਸੂਬੇ ਦੇ ਕਿਸਾਨ ਕਣਕ ਅਠਾਰਾਂ ਫ਼ੀਸਦੀ ਚਾਵਲ ਗਿਆਰਾਂ ਫ਼ੀਸਦੀ ਅਤੇ ਕਪਾਹ ਚਾਰ ਫੀਸਦੀ ਪੈਦਾ ਕਰ ਰਹੇ ਹਨ। ਇਹ ਗੱਲ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਰਣਦੀਪ ਸਿੰਘ ਨਾਭਾ ਨੇ ਕਰਤਾਰਪੁਰ ਵਿੱਚ ਫ਼ਸਲਾਂ ਦੀ ਰਹਿੰਦ ਖੂੰਹਦ ਦੀ ਸੰਭਾਲ ਲਈ ਕਿਸਾਨਾਂ ਵੱਲੋਂ ਖ਼ਰੀਦੀਆਂ ਮਸ਼ੀਨਾਂ ਦੀ ਵੈਰੀਫਿਕੇਸ਼ਨ ਕਰਨ ਉਪਰੰਤ ਕਹੀ। ਉਨ੍ਹਾਂ ਕਿਹਾ ਕਿ ਖੇਤੀ ਮਸ਼ੀਨਾਂ ਦੀ ਖਰੀਦ ਉਪਰ ਬਣਦੀ ਲਗਪਗ ਪੰਦਰਾਂ ਕਰੋੜ ਰੁਪਏ ਦੀ ਸਬਸਿਡੀ ਜ਼ਿਲ੍ਹਾ ਜਲੰਧਰ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਆ ਜਾਵੇਗੀ। ਕਿਸਾਨਾਂ ਨੂੰ ਫਸਲੀ ਵਿਭਿੰਨਤਾ ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੇਤੀ ਉਤਪਾਦਨਾਂ ਦੇ ਨਾਲ ਨਾਲ ਫੂਡ ਪ੍ਰੋਸੈਸਿੰਗ ਦੇ ਕਿੱਤਿਆਂ ਵੱਲ ਰੁਝਾਨ ਵਧਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ ਸੁਰਿੰਦਰ ਸਿੰਘ, ਖੇਤੀਬਾੜੀ ਯੂਨੀਵਰਸਿਟੀ ਤੋਂ ਜ਼ਿਲ੍ਹਾ ਪਸਾਰ ਮਾਹਿਰ ਡਾ. ਮਨਿੰਦਰ ਸਿੰਘ, ਡਾ. ਸੰਜੀਵ ਕਟਾਰੀਆ ਡਿਪਟੀ ਡਾਇਰੈਕਟਰ ਕੇਵੀਕੇ ਡਾ. ਅਰਪਨਦੀਪ ਕੌਰ ਮੌਜੂਦ ਸਨ।
ਵਿਧਾਇਕ ਸਿੱਕੀ ਨੇ ਇਕੱਠ ਕਰਨ ਲਈ ਲਾਇਆ ਅੱਡੀ ਚੋਟੀ ਦਾ ਜ਼ੋਰ
ਸ੍ਰੀ ਗੋਇੰਦਵਾਲ ਸਾਹਿਬ: ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਆਪਣੇ ਵਰਕਰਾਂ ਨੂੰ ਸਖ਼ਤ ਹਦਾਇਤਾ ਦਿੰਦੇ ਹੋਏ ਸਮਾਗਮ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਲੈ ਕੇ ਆਉਣ ਦੇ ਹੁਕਮ ਦਿੱਤੇ। ਉਧਰ ਹਲਕੇ ਦੇ ਨਾਮਵਰ ਕਾਂਗਰਸੀਆਂ ਅਤੇ ਵਰਕਰਾਂ ਨੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਨਿੱਜੀ ਰਿਹਾਇਸ਼ ’ਤੇ ਰੱਖੇ ਇਸ ਸਮਾਗਮ ਤੋਂ ਦੂਰੀ ਬਣਾ ਕੇ ਰੱਖੀ।