ਹਰਜੀਤ ਸਿੰਘ ਪਰਮਾਰ
ਬਟਾਲਾ, 6 ਸਤੰਬਰ
ਸਰਕਾਰੀ ਹਾਈ ਸਮਾਰਟ ਸਕੂਲ ਗਿੱਲਾਂਵਾਲੀ (ਕਿਲਾ ਦਰਸ਼ਨ ਸਿੰਘ) ਦੇ ਹੈੱਡ ਮਾਸਟਰ ਜਸਵਿੰਦਰ ਸਿੰਘ ਭੁੱਲਰ ਜਿਹੜੇ ਸਕੂਲ ਦਾ ਕਦੇ ਵਿਦਿਆਰਥੀ ਸੀ, ਆਪਣੀ ਮਿਹਨਤ ਦੇ ਬਲਬੂਤੇ ਉਸੇ ਸਕੂਲ ਦਾ ਹੈੱਡਮਾਸਟਰ ਬਣਿਆ। ਉਹ ਲੰਘੇ ਦਿਨ ਮੁੱਖ ਮੰਤਰੀ ਪੰਜਾਬ ਕੋਲੋਂ ਅਧਿਆਪਕ ਦਿਵਸ ਮੌਕੇ ਚੰਡੀਗੜ੍ਹ ’ਚ ਸਟੇਟ ਐਵਾਰਡ ਲੈ ਕੇ ਮਾਣ ਮਹਿਸੂਸ ਕਰ ਰਿਹਾ ਹੈ। ਦ੍ਰਿੜ੍ਹ ਸੰਕਲਪ, ਸਕਾਰਾਤਮਕ ਸੋਚ ਅਤੇ ਬੁਲੰਦ ਹੌਸਲੇ ਦੇ ਮਾਲਕ ਜਸਵਿੰਦਰ ਸਿੰਘ ਭੁੱਲਰ ਨੇ ਇਹ ਐਵਾਰਡ ਹਾਸਲ ਕਰਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਅੱਗੇ ਮਿਸਾਲ ਪੇਸ਼ ਕੀਤੀ ਹੈ। 44 ਸਾਲਾ ਅਧਿਆਪਕ ਜਸਵਿੰਦਰ ਸਿੰਘ ਭੁੱਲਰ ਨੇ ਸਰਕਾਰੀ ਹਾਈ ਸਕੂਲ ਧਰਮਕੋਟ ਬੱਗਾ ਵਿੱਚ 14 ਸਾਲ ਬਤੌਰ ਸਾਇੰਸ ਮਾਸਟਰ ਦੇ ਤੌਰ ’ਤੇ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਦੀ ਸਕਾਰਾਤਮਕ ਸੋਚ ਦੇ ਨਤੀਜੇ ਵਜੋਂ 57 ਵਿਦਿਆਰਥੀਆਂ ਦੀ ਐੱਨਐੱਮਐੱਮਐੱਸ (ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ) ਲਈ ਚੋਣ ਹੋਈ, ਜਿਸ ਵਿੱਚ ਪ੍ਰਤੀ ਬੱਚੇ ਨੂੰ 48 ਹਜ਼ਾਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਧਰਮਕੋਟ ਬੱਗਾ ਵਿੱਚ 2006 ਤੋਂ ਲੈ ਕੇ 2020 ਤੱਕ ਸਾਇੰਸ ਅਧਿਆਪਕ ਦੇ ਨਾਲ-ਨਾਲ (ਕੰਪੀਟੀਟਿਵ ਸੈੱਲ ਦੇ ਨੋਡਲ ਅਫਸਰ) ਦੇ ਤੌਰ ’ਤੇ ਕੰਮ ਕੀਤਾ ਜਿਸ ਦੇ ਤਹਿਤ 22 ਵਿਦਿਆਰਥੀ ਪੀਐੱਸਟੀਐੱਸਈ (ਪੰਜਾਬ ਸਟੇਟ ਟੈਲੇਂਟ ਸਰਚ ਐਗਜਾਮੀਨੇਸ਼ਨ) ਲਈ ਚੁਣੇ ਗਏ।
2020 ਵਿੱਚ ਜਸਵਿੰਦਰ ਸਿੰਘ ਭੁੱਲਰ ਪੀਪੀਐੱਸਸੀ ਦੇ ਟੈਸਟ ਵਿੱਚ ਸਫ਼ਲ ਹੋ ਕੇ ਸਰਕਾਰੀ ਹਾਈ ਸਮਾਰਟ ਸਕੂਲ ਗਿੱਲਾਂਵਾਲੀ (ਕਿਲਾ ਦਰਸ਼ਨ ਸਿੰਘ) ਦੇ ਮੁੱਖ ਅਧਿਆਪਕ ਦੇ ਰੂਪ ਵਜੋਂ ਨਿਯੁਕਤ ਹੋਏ। ਇਸ ਸਬੰਧੀ ਜਦੋਂ ਮੁੱਖ ਅਧਿਆਪਕ ਅਤੇ ਸਟੇਟ ਐਵਾਰਡੀ ਜਸਵਿੰਦਰ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ 2020 ਵਿੱਚ ਸਰਕਾਰੀ ਹਾਈ ਸਮਾਰਟ ਸਕੂਲ ਗਿੱਲਾਂਵਾਲੀ (ਕਿਲ੍ਹਾ ਦਰਸ਼ਨ ਸਿੰਘ) ਵਿੱਚ ਹੈੱਡ ਮਾਸਟਰ ਵਜੋਂ ਨਿਯੁਕਤ ਹੋਏ ਸਨ। ਉਸ ਸਮੇਂ ਬੱਚਿਆਂ ਦੀ ਗਿਣਤੀ 134 ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਸਕੂਲ ਵਿੱਚ ਵਿਦਿਆਰਥੀਆਂ ਦੇ ਦਾਖਲੇ ਵਿੱਚ 62 ਫੀਸਦੀ ਵਾਧਾ ਹੋਇਆ ਅਤੇ ਸਕੂਲ ਵਿੱਚ 35 ਪ੍ਰਤੀਸ਼ਤ ਬੱਚੇ ਅੰਗਰੇਜ਼ੀ ਮੀਡੀਅਮ ਵਿੱਚ ਪੜ੍ਹਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੇ ਵੀ ਇਸੇ ਸਕੂਲ ਤੋਂ ਹੀ ਦਸਵੀਂ ਪਾਸ ਕੀਤੀ ਹੈ ਅਤੇ ਜ਼ਿੰਦਗੀ ਵਿੱਚ ਉਨ੍ਹਾਂ ਦੀਆਂ ਅਗਾਂਹਵਧੂ ਪੁਲਾਂਘਾਂ ਜਾਰੀ ਰਹਿਣਗੀਆਂ।