ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 21 ਜੂਨ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ 7ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਡਾਇਰੈਕਟਰ ਆਫ ਆਯੁਰਵੇਦ ਪੰਜਾਬ ਚੰਡੀਗੜ੍ਹ ਡਾ. ਪੂਨਮ ਵਸ਼ਿਸ਼ਟ ਦੇ ਨਿਰਦੇਸ਼ਾਂ ਤਹਿਤ ਆਯੂਰਵੈਦਿਕ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਰਣਬੀਰ ਸਿੰਘ ਕੰਗ ਦੀ ਅਗਵਾਈ ਹੇਠ ਡਾ. ਅਮਨਪ੍ਰੀਤ ਸਿੰਘ, ਡਾ. ਸੰਦੀਪ ਕੌਰ, ਡਾ. ਵਿਵੇਕ ਸ਼ੋਰੀ ਅਤੇ ਡਾ. ਨੀਤੂ ਗਿੱਲ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਯੋਗਾ ਕਰਵਾਇਆ। ਅੱਜ ਯੋਗ ਦਿਵਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਇਕਬਾਲ ਸਿੰਘ ਭੋਮਾ ਦੀ ਯੋਗ ਅਗਵਾਈ ਵਿੱਚ ਕੋਵਿਡ 19 ਸਬੰਧੀ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅੰਤਰਰਾਸ਼ਟਰੀ ਯੋਗਾ ਦਿਵਸ ਆਨਲਾਈਨ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਭੋਮਾ, ਡਾ. ਨਿਸ਼ਾ ਛਾਬੜਾ, ਡਾ. ਮਨਜੀਤ ਕੌਰ ਹਾਜ਼ਰ ਸਨ। ਇਸੇ ਦੌਰਾਨ ਆਰਕੇਲੋਜੀਕਲ ਸਰਵੇ ਆਫ਼ ਇੰਡੀਆ ਚੰਡੀਗੜ੍ਹ ਬ੍ਰਾਂਚ ਵਲੋਂ ਸਮਰ ਪੈਲੇਸ ਕੰਪਨੀ ਬਾਗ ਵਿੱਚ ਯੋਗ ਦਿਵਸ ਮਨਾਇਆ ਗਿਆ ਤੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬੀਬੀਕੇ ਡੀਏਵੀ ਕਾਲਜ ਵਿਮੈਨ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਵੀ ਇਸ ਸਬੰਧੀ ਵੈਬਿਨਾਰ ਕਰਵਾਇਆ ਗਿਆ।
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਾਜਿੰਦਰ ਬੇਰੀ ਨੇ ਅੱਜ ਲੋਕਾਂ ਨੂੰ ਕਰੋਨਾਵਾਇਰਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਯੋਗਾ ਅਭਿਆਸ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ। ਵਿਧਾਇਕ ਨੇ ਮਾਸਟਰ ਤਾਰਾ ਸਿੰਘ ਨਗਰ ਵਿਚ ਯਰਾਨਾ ਕਲੱਬ ਵੱਲੋਂ ਲਗਾਏ ਗਏ ਯੋਗਾ ਕੈਂਪ ਵਿੱਚ ਸ਼ਿਰਕਤ ਕੀਤੀ। ਸ਼ਿਵ ਰਾਮ ਕਲਾ ਮੰਚ ਸ੍ਰੀ ਰਾਮ ਲੀਲਾ ਕਮੇਟੀ ਮਾਡਲ ਹਾਊਸ ਵੱਲੋਂ ਚਾਰ ਮਰਲਾ ਪਾਰਕ ਵਿਚ ਯੋਗ ਦਿਵਸ ਮਨਾਇਆ ਗਿਆ। ਸਾਇੰਸ ਸਿਟੀ ਵਲੋਂ ਇਸ ਸਬੰਧੀ ਦੋ ਦਿਨਾਂ ਆਨਲਾਈਨ ਵਰਕਸ਼ਾਪ ਲਾਈ ਗਈ। ਸਥਾਨਕ ਲਾਇਲਪੁਰ ਖ਼ਾਲਸਾ ਕਾਲਜ ਦੇ ਐੱਨਐੱਸਐੱਸ ਵਿਭਾਗ, ਸੋਮਰਸੈੱਟ ਇੰਟਰਨੈਸ਼ਨਲ ਸਕੂਲ, ਸਥਾਨਕ ਸੰਤ ਨਾਮਦੇਵ ਕੋਐਜੂਕੇਸ਼ਨਲ ਕਾਲਜ ਤੇ ਪੁਲੀਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ, ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਨੌਰਥ ਕੈਂਪਸ, ਸਾਊਥ ਕੈਂਪਸ, ਸੀਟੀ ਪਬਲਿਕ ਸਕੂਲ ਅਤੇ ਸੀਟੀ ਵਰਲਡ ਸਕੂਲ ਵਿਚ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਇੰਨੋਸੈਂਟ ਹਾਰਟਸ, ਕੰਨਿਆ ਮਹਾ ਵਿਦਿਆਲਾ, ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿੱਚ ਯੋਗ ਦਿਵਸ ਮਨਾਇਆ ਗਿਆ।
ਭੋਗਪੁਰ (ਪੱਤਰ ਪ੍ਰੇਰਕ): ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਸਨੌਰਾ ਵਿੱਚ ਆਨਲਾਈਨ ਵਿਸ਼ਵ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸੁਖਵਿੰਦਰ ਸਿੰਘ, ਪ੍ਰਿੰਸੀਪਲ ਨਵਦੀਪ ਕੌਰ ਹਾਜ਼ਰ ਸਨ।
ਯੋਗ ਦਿਵਸ ਦੇ ਬਰਾਬਰ ਸਿੱਖ ਜਥੇਬੰਦੀ ਨੇ ਗੱਤਕਾ ਦਿਵਸ ਮਨਾਇਆ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਸਿੱਖ ਜਥੇਬੰਦੀ ਸਿੱਖ ਯੂਥ ਪਾਵਰ ਆਫ ਪੰਜਾਬ ਨੇ ਅੱਜ ਯੋਗ ਦਿਵਸ ਦੇ ਬਰਾਬਰ ਗੱਤਕਾ ਦਿਵਸ ਮਨਾਇਆ। ਜਥੇਬੰਦੀ ਦੀ ਪੰਜ ਮੈਂਬਰੀ ਕਮੇਟੀ ਦੇ ਮੁਖੀ ਭਾਈ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਗੁਰੂ ਸਾਹਿਬ ਨੇ ਖਾਲsਸਾ ਪੰਥ ਨੂੰ ਸ਼ਸਤਰ ਧਾਰਨ ਕਰਕੇ ਰੱਖਣ ਅਤੇ ਸ਼ਸਤਰ ਵਿਦਿਆ ਸਿੱਖਣ ਦਾ ਹੁਕਮ ਕੀਤਾ ਸੀ। ਇਸ ਲਈ ਅੱਜ ਸਮੁੱਚੀ ਕੌਮ ਨੂੰ ਜਿਥੇ ਬਾਣੀ ਅਤੇ ਬਾਣੇ ਦਾ ਧਾਰਨੀ ਤੇ ਸ਼ਸਤਰਾਂ ਦਾ ਧਾਰਨੀ ਹੋਣਾ ਜਰੂਰੀ ਹੈ ,ਉਥੇ ਹੀ ਸ਼ਸਤਰਾਂ ਨੂੰ ਚਲਾਉਣ ਦੀ ਵਿਦਿਆ ਦਾ ਗਿਆਨ ਹੋਣਾ ਵੀ ਜਰੂਰੀ ਹੈ। ਇਸ ਮੌਕੇ ਗੱਤਕੇ ਦਾ ਪ੍ਰਦਰਸ਼ਨ ਕਰਦਿਆਂ ਗੱਤਕਾ ਦਿਵਸ ਮਨਾਇਆ ਗਿਆ। ਇਸ ਮੌਕੇ ਭਾਈ ਜਤਿੰਦਰ ਸਿੰਘ, ਉਸਤਾਦ ਭਾਈ ਅਰਜਨ ਸਿੰਘ, ਉਸਤਾਦ ਮੰਗਲ ਸਿੰਘ, ਭਾਈ ਮਨੀ ਸਿੰਘ, ਭਾਈ ਗੁਰਜੀਤ ਸਿੰਘ ਹਾਜਰ ਸਨ।